ਅਫ਼ਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ, ‘ਵਾਰ-ਲਾਰਡਜ਼’ ਨੂੰ ਖੁੱਡੇ ਲਾਉਣਾ ਅਮਰੀਕਾ ਦੀ ਸੀ ਵੱਡੀ ਭੁੱਲ

Thursday, Sep 02, 2021 - 04:32 PM (IST)

ਅਫ਼ਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ, ‘ਵਾਰ-ਲਾਰਡਜ਼’ ਨੂੰ ਖੁੱਡੇ ਲਾਉਣਾ ਅਮਰੀਕਾ ਦੀ ਸੀ ਵੱਡੀ ਭੁੱਲ

ਸਾਲ 2001 ’ਚ ਅਮਰੀਕਾ ਉੱਤੇ ਅਲ-ਕਾਇਦਾ ਵੱਲੋਂ ਕੀਤੇ ਗਏ 9/11 ਦਹਿਸ਼ਤਗਰਦ ਹਮਲਿਆਂ ਪਿੱਛੋਂ ਅਮਰੀਕਾ ਨੇ ਅਫ਼ਗਾਨਿਸਤਾਨ ’ਤੇ ਕਾਬਜ਼ ਤਾਲਿਬਾਨ ਦੀ ਜੜ੍ਹ ਪੁੱਟਣ ਲਈ ਹਮਲਾ ਕਰ ਦਿੱਤਾ ਸੀ। ਅਮਰੀਕਾ ਨੂੰ ਗੁੱਸਾ ਸੀ ਕਿ ਅਲ-ਕਾਇਦਾ ਨੇ ਇਸ ਵੱਡੇ ਦਹਿਸ਼ਤਗਰਦ ਹਮਲੇ ਲਈ ਅਫ਼ਗਾਨਿਸਤਾਨ ਨੂੰ ਇੱਕ ਅੱਡੇ ਵਜੋਂ ਵਰਤਿਆ ਹੈ। ਅਮਰੀਕਾ ਅਤੇ ਇਸ ਦੇ ਮਿੱਤਰ ਦੇਸ਼ਾਂ ਨੇ ਦੋ ਕੁ ਮਹੀਨਿਆਂ ’ਚ ਹੀ ਤਾਲਿਬਾਨ ਨੂੰ ਹਰਾ ਦਿੱਤਾ ਸੀ। ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਨੇ ਅਫ਼ਗਾਨਿਸਤਾਨ ’ਚ ਇੱਕ ਜਮਹੂਰੀ ਸਰਕਾਰ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਅਥਾਰਟੀ ਰਾਜਧਾਨੀ ਕਾਬੁਲ ਤੋਂ ਸਾਰੇ ਅਫ਼ਗਾਨਿਸਤਾਨ ’ਚ ਚੱਲੇ। ਸਾਲ 2001 ਤੋਂ ਅਗਸਤ 15-2021 ਤੱਕ ਕਾਬੁਲ ’ਚ ਅਮਰੀਕਾ ਦੀ ਮਦਦ ਨਾਲ ਪਹਿਲਾਂ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਫਿਰ ਰਾਸ਼ਟਰਪਤੀ ਅਸ਼ਰਫ਼ ਗਨੀ ਦੀ ਸਰਕਾਰ ਰਹੀ। ਅਮਰੀਕਾ ਨੇ ਤਾਲਿਬਾਨ ਨਾਲ ਦੋ ਕੁਲ ਸਾਲ ਤੱਕ ਸ਼ਾਂਤੀਵਾਰਤਾ ਕੀਤੀ ਅਤੇ 31 ਅਗਸਤ ਨੂੰ ਆਪਣੀ ਸਾਰੀ ਫੌਜ ਬਾਹਰ ਕੱਢਣ ਦਾ ਵਾਅਦਾ ਕੀਤਾ।

ਅਮਰੀਕਾ ਨੇ 20-21 ਸਾਲਾਂ ’ਚ ਅਫ਼ਗਾਨਿਸਤਾਨ ’ਚ ਇੱਕ ਟ੍ਰਿਲੀਅਨ ਡਾਲਰ ਤੋਂ ਵੱਧ ਖਰਚਿਆ ਹੈ। ਇਸ ਦੇ ਨੀਤੀਘਾੜਿਆਂ ਨੇ ਅਫ਼ਗਾਨਿਸਤਾਨ ਦੀਆਂ ਜ਼ਮੀਨੀ ਹਕੀਕਤਾਂ ਨੂੰ ਨਜ਼ਰਅੰਦਾਜ਼ ਕਰਦਿਆਂ ਸਾਰੇ ਦੇਸ਼ ਨੂੰ ਕਾਬੁਲ ਤੋਂ ਸਿੱਧੇ ਸ਼ਾਸਨ ਹੇਠ ਰੱਖਣ ਦੀ ਗ਼ਲਤੀ ਕੀਤੀ। ਅਫ਼ਗਾਨ ਫੌਜ ’ਚ ਵੀ ਬਹੁ-ਗਿਣਤੀ ਪਸ਼ਤੂਨਾਂ ਦਾ ਬੋਲਬਾਲਾ ਸੀ ਅਤੇ ਤਾਲਿਬਾਨ ਵੀ ਪਸ਼ਤੂਨ ਹੀ ਹਨ, ਜਿਸ ਕਾਰਨ ਪਸ਼ਤੂਨ ਫੌਜ ਨੇ ਪਸ਼ਤੂਨ ਤਾਲਿਬਾਨ ਅੱਗੇ ਬੇਝਿਜਕ ਹਥਿਆਰ ਸੁੱਟੇ ਦਿੱਤੇ। ਅਫ਼ਗਾਨਿਸਤਾਨ ’ਚ ਪਸ਼ਤੂਨ, ਕਜ਼ਾਖ਼, ਤਜ਼ੀਕ, ਹਜ਼ਾਰਾ ਅਤੇ ਹੋਰ ਕਈ ਕੌਮੀਅਤਾਂ ਵਸੀਆਂ ਹੋਈਆਂ ਹਨ, ਜੋ ਅੱਗੋਂ ਸੁੰਨੀ, ਸ਼ੀਆ ਅਤੇ ਕਬੀਲਾਵਾਦ ’ਚ ਵੰਡੇ ਹੋਏ ਹਨ ਅਤੇ ਵੰਡੇ ਆ ਰਹੇ ਹਨ। ਹਰ ਸੂਬੇ, ਕਬੀਲੇ ਅਤੇ ਇਲਾਕੇ ’ਚ ਕਿਸੇ ਨਾ ਕਿਸੇ ‘ਵਾਰ-ਲਾਰਡ’ ਦਾ ਦਬਦਬਾ ਰਿਹਾ ਹੈ। ‘ਵਾਰ-ਲਾਰਡਜ਼’ ਨੂੰ ਖੁੱਡੇ ਲਗਾ ਕੇ ਕਾਬੁਲ ਤੋਂ ਮੁਕੰਮਲ ਸ਼ਾਸਨ ਲਾਗੂ ਕਰਨਾ ਅਮਰੀਕਾ ਦੀ ਵੱਡੀ ਭੁੱਲ ਸੀ। ਜੇ ਅਮਰੀਕਾ ਨੇ ਸਖ਼ਤ ਸ਼ਰਤਾਂ ਹੇਠ ਵੱਖ-ਵੱਖ ਖੇਤਰਾਂ ਵਿੱਚ ਪ੍ਰਵਾਨਿਤ ‘ਵਾਰ-ਲਾਰਡਜ਼’ ਨੂੰ ਤਾਕਤ ਦਿੱਤੀ ਹੁੰਦੀ ਤਾਂ ਬਹੁਤ ਘੱਟ ਖਰਚਾ ਕਰ ਕੇ ਅਫ਼ਗਾਨਿਸਤਾਨ ਨੂੰ ਸਥਿਰ ਰੱਖਿਆ ਜਾ ਸਕਦਾ ਸੀ।

ਅਸ਼ਰਫ਼ ਗਨੀ ਦੀ ਸਰਕਾਰ ਸਮੇਤ ਕਈ ਪੱਛਮੀ ਦੇਸ਼ਾਂ ਦੇ ਆਗੂਆਂ ਅਤੇ ਖ਼ੁਫੀਆ ਏਜੰਸੀਆਂ ਨੇ ਚਿਤਾਵਨੀਆਂ ਦਿੱਤੀਆਂ ਸਨ ਕਿ ਤਾਲਿਬਾਨ ਬਹੁਤ ਜਲਦੀ ਸਾਰੇ ਦੇਸ਼ ਉੱਤੇ ਕਬਜ਼ਾ ਕਰ ਲੈਣਗੇ, ਜਿਸ ਨਾਲ ਆਲ-ਕਾਇਦਾ, ਆਈ. ਐੱਸ. ਆਈ. ਐੱਸ. ਅਤੇ ਹੋਰ ਇਸਲਾਮਿਕ ਦਹਿਸ਼ਤਗਰਦ ਸੰਗਠਨਾਂ ਲਈ ਅਫ਼ਗਾਨਿਸਤਾਨ ’ਚ ਅੱਡੇ ਬਣਾਉਣ ਦਾ ਰਸਤਾ ਪੱਧਰਾ ਹੋ ਜਾਵੇਗਾ, ਜੋ ਦਹਿਸ਼ਤਗਰਦੀ ਫੈਲਾਉਣ ਦਾ ਕਾਰਨ ਬਣਨਗੇ। ਜੋਅ ਬਾਈਡਨ ਦੀ ਸਦਾਰਤ ਹੇਠ ਅਮਰੀਕਾ ਨੇ ਆਪਣੀਆਂ ਫੌਜਾਂ ਬਹੁਤ ਤੇਜ਼ੀ ਨਾਲ ਬਾਹਰ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਾਬੁਲ ਦੇ ਬਾਹਰ ਸਥਿਤ ਦੇਸ਼ ਦਾ ਸਭ ਤੋਂ ਵੱਡਾ ਫੌਜੀ ਹਵਾਈ ਅੱਡਾ ਬੈਗਰਾਮ ਵੀ ਖਾਲੀ ਕਰ ਦਿੱਤਾ। ਇਹ ਹਵਾਈ ਅੱਡਾ ਅਮਰੀਕੀ ਫੌਜੀ ਆਪਰੇਸ਼ਨ ਦੀ ਰੀੜ੍ਹ ਦੀ ਹੱਡੀ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਨੂੰ ਇਹ ਅੱਡਾ ਸਭ ਤੋਂ ਅੰਤ ’ਚ ਖਾਲੀ ਕਰਨਾ ਚਾਹੀਦਾ ਸੀ। ਜਦ ਤਾਲਿਬਾਨ ਇੱਕ ਤੋਂ ਬਾਅਦ ਇੱਕ ਅਫਗਾਨ ਸੂਬੇ ਉੱਤੇ ਕਬਜ਼ਾ ਕਰਦੇ ਗਏ, ਉਦੋਂ ਵੀ ਅਮਰੀਕਾ ਨੇ ਆਪਣੀ ਫੌਜ ਦੀ ਨਿਕਾਸੀ ਲਗਾਤਾਰ ਜਾਰੀ ਰੱਖੀ। ਜੁਲਾਈ ’ਚ ਜਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਤੋਂ ਤਾਲਿਬਾਨ ਦੇ ਵਧ ਰਹੇ ਕਬਜ਼ੇ ਬਾਰੇ ਪੁੱਛਿਆ ਗਿਆ ਤਾਂ ਬਾਈਡੇਨ ਦਾ ਕਹਿਣਾ ਸੀ ਕਿ ਅਫ਼ਗਾਨਿਸਤਨ ਕੋਲ ਤਿੰਨ ਲੱਖ ਨਫਰੀ ਦੀ ਪੂਰੀ ਤਰ੍ਹਾਂ ਨਵੀਨ ਹਥਿਆਰਾਂ ਨਾਲ ਲੈਸ ਫੌਜ ਹੈ ਅਤੇ 200 ਤੋਂ ਵੱਧ ਹਵਾਈ ਜਹਾਜ਼ਾਂ ਵਾਲੀ ਏਅਰਫੋਰਸ ਵੀ ਹੈ, ਜਿਸ ਕੋਲ ਅਮਰੀਕਾ ਦੇ ਅੱਵਲ ਦਰਜੇ ਦੇ ਅਪੈਚੇ ਅਟੈਕ ਹੈਲੀਕਾਪਟਰ ਵੀ ਹਨ।

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਅਸੈੱਸਮੈਂਟ ਪੂਰੀ ਤਰ੍ਹਾਂ ਗਲਤ ਨਿਕਲੀ ਅਤੇ ਤਾਲਿਬਾਨ ਨੇ 11 ਕੁ ਦਿਨਾਂ ’ਚ ਕਾਬੁਲ ਸਮੇਤ ਤਕਰੀਬਨ ਸਾਰੇ ਦੇਸ਼ ਉੱਤੇ ਬਿਨਾਂ ‘ਮੁਕਾਬਲਾ’ ਕਬਜ਼ਾ ਕਰ ਲਿਆ। ਤਿੰਨ ਲੱਖ ਦੀ ਨਵੀਨ ਹਥਿਆਰਾਂ ਨਾਲ ਲੈਸ ਫੌਜ ਹਰ ਵੱਡੇ ਸ਼ਹਿਰ, ਛਾਉਣੀ ਅਤੇ ਸੂਬਾਈ ਰਾਜਧਾਨੀ ’ਚ ਇੱਕ ਵੀ ਗੋਲੀ ਚਲਾਉਣ ਤੋਂ ਬਿਨਾਂ ਤਾਲਿਬਾਨ ਦਹਿਸ਼ਤਗਰਦਾਂ ਅੱਗੇ ਹਥਿਆਰ ਸੁੱਟ ਕੇ ਖੁਰਦੀ ਗਈ। ਅਮਰੀਕਾ ਵੱਲੋਂ ਜੋ ਨਵੀਨ ਹਥਿਆਰ ਅਫਗਾਨ ਫੌਜ ਨੂੰ ਦਿੱਤੇ ਗਏ ਸਨ, ਉਨ੍ਹਾਂ ਦੀ ਕੀਮਤ 85 ਬਿਲੀਅਨ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ। ਇਨ੍ਹਾਂ ’ਚ ਵੱਖ-ਵੱਖ ਕਿਸਮ ਦੀਆਂ 6 ਲੱਖ ਛੋਟੀਆਂ ਤੇ ਵੱਡੀਆਂ ਗੰਨਾਂ, 208 ਜੰਗੀ ਜਹਾਜ਼ ਅਤੇ ਹੈਲੀਕਾਪਟਰ (ਸਮੇਤ ਅਪੈਚੇ), 7000 ਮਿਲਟਰੀ ਵ੍ਹੀਕਲ ਅਤੇ ਟੈਂਕ, ਨਾਈਟ ਵਿਜ਼ਨ, ਮਿਜ਼ਾਈਲਾਂ, ਬੰਬ ਅਤੇ ਕਈ ਕੁਝ ਹੋਰ ਸ਼ਾਮਲ ਹੈ। ਅੱਜ ਤਾਲਿਬਾਨ ਕੋਲ ਉਹ ਹਥਿਆਰ ਹਨ, ਜੋ ਕਈ ਦੇਸ਼ਾਂ ਦੀਆਂ ਫੌਜਾਂ ਕੋਲ ਵੀ ਨਹੀਂ ਹਨ। ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੂੰ ਤਾਲਿਬਾਨ ਦੇ ਕਾਬਜ਼ ਹੋਣ ਪਿੱਛੋਂ ਆਪਣੇ ਅੰਬੈਸੀ ਸਟਾਫ਼, ਸ਼ਹਿਰੀਆਂ ਅਤੇ ਸਹਿਯੋਗੀਆਂ ਨੂੰ ਬਾਹਰ ਕੱਢਣਾ ਮੁਸ਼ਕਿਲ ਹੋ ਗਿਆ। ਇਨ੍ਹਾਂ ਲੋਕਾਂ ਨੂੰ ਬਾਹਰ ਕੱਢਣ ਲਈ ਅਮਰੀਕਾ ਨੂੰ ਕਾਬੁਲ ਹਵਾਈ ਅੱਡੇ ਉੱਤੇ ਆਪਣੇ 6000 ਫੌਜੀ ਆਰਜ਼ੀ ਤੌਰ ’ਤੇ ਫਿਰ ਤਾਇਨਾਤ ਕਰਨੇ ਪਏ। ਲੋਕਾਂ ਦੀ ਨਿਕਾਸੀ ਦੇ ਦਰਮਿਆਨ ਕਾਬੁਲ ਏਅਰਪੋਰਟ ਉੱਤੇ ਆਤਮਘਾਤੀ ਹਮਲਾ ਹੋਇਆ, ਜਿਸ ’ਚ 12 ਅਮਰੀਕੀ ਫੌਜੀਆਂ ਸਮੇਤ 60-65 ਮੌਤਾਂ ਹੋਈਆਂ। ਅਮਰੀਕਾ ਨੇ ਜੇ ‘ਵਾਰ ਲਾਰਡਜ਼’ ਨੂੰ ਤਾਕਤ ਵਰਤਣ ਦੀ ਇਜਾਜ਼ਤ ਦਿੱਤੀ ਹੁੰਦੀ ਤਾਂ ਹਰ ‘ਵਾਰ-ਲਾਰਡ’ ਨੇ ਆਪਣੀ ਹੋਂਦ ਲਈ ਲੜਨਾ ਸੀ ਅਤੇ ਅਮਰੀਕਾ ਸਮੇਤ ਮਿੱਤਰ ਦੇਸ਼ਾਂ ਦੀ ਮਦਦ ਦੇ ਸ਼ੁਕਰਗੁਜ਼ਾਰ ਵੀ ਰਹਿਣਾ ਸੀ। ਤਾਲਿਬਾਨ ਲਈ ਸਭ ਨੂੰ ਹਰਾਉਣਾ ਜਾਂ ਖਰੀਦਣਾ ਸੰਭਵ ਹੀ ਨਹੀਂ ਸੀ ਹੋਣਾ।      

 -ਬਲਰਾਜ ਦਿਓਲ
ਮੋਬਾ : 905-793-5072


author

Manoj

Content Editor

Related News