ਅਮਰੀਕੀ ਅਧਿਕਾਰੀਆਂ ਵੱਲੋਂ ਭਾਰਤ ''ਚ ਲੋੜੀਂਦੇ ਦੋਸ਼ੀ ''ਰੇਡੀਓਵਾਲਾ'' ਦੀ ਹਵਾਲਗੀ
Wednesday, Apr 03, 2019 - 10:19 AM (IST)

ਵਾਸ਼ਿੰਗਟਨ (ਭਾਸ਼ਾ)— ਭਾਰਤ ਵਿਚ ਹੱਤਿਆ ਦੀ ਕੋਸ਼ਿਸ਼ ਕਰਨ, ਜ਼ਬਰੀ ਵਸੂਲੀ, ਚੋਰੀ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿਚ ਲੋੜੀਂਦੇ ਇਕ ਭਾਰਤੀ ਨਾਗਰਿਕ ਨੂੰ ਅਮਰੀਕਾ ਨੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਹੈ। ਮੰਗਲਵਾਰ ਨੂੰ ਜਾਰੀ ਇਕ ਅਧਿਕਾਰਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਉਬੈਦੁੱਲਾ ਅਬਦੁੱਲਰਸ਼ੀਦ ਰੇਡੀਓਵਾਲਾ (46) ਬਾਲੀਵੁੱਡ ਨਿਰਦੇਸ਼ਕ ਮਹੇਸ਼ ਭੱਟ ਦੀ ਹੱਤਿਆ ਦਾ ਸਾਜਸ਼ ਰਚਣ ਅਤੇ ਫਿਲਮ ਨਿਰਮਾਤਾ ਕਰੀਨ ਮੋਰਾਨੀ 'ਤੇ ਗੋਲੀਆਂ ਚਲਵਾਉਣ ਦੇ ਸਾਲ 2014 ਦੇ ਮਾਮਲੇ ਦਾ ਮੁੱਖ ਦੋਸ਼ੀ ਹੈ।
ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਕਾਨੂੰਨ (ਮਕੋਕਾ) ਅਦਾਲਤ ਵੱਲੋਂ ਰੇਡੀਓਵਾਲਾ ਵਿਰੁੱਧ ਨਵਾਂ ਗੈਰ ਜਮਾਨਤੀ ਵਾਰੰਟ ਜਾਰੀ ਹੋਣ ਦੇ ਬਾਅਦ ਸਾਲ 2015 ਵਿਚ ਸੀ.ਬੀ.ਆਈ. ਦੀ ਅਪੀਲ 'ਤੇ ਇੰਟਰਪੋਲ ਰੈੱਡ ਕੋਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਵਿਭਾਗ (ਆਈ.ਸੀ.ਈ.) ਵੱਲੋਂ ਜਾਰੀ ਇਕ ਬਿਆਨ ਮੁਤਾਬਕ,''ਉਹ ਹੱਤਿਆ ਦੀ ਕੋਸ਼ਿਸ਼ ਕਰਨ, ਅਪਰਾਧਿਕ ਸਾਜਿਸ਼ ਰਚਣ, ਜ਼ਬਰੀ ਵਸੂਲੀ, ਧੋਖਾਧੜੀ, ਚੋਰੀ, ਅਗਵਾ, ਗੈਰ ਕਾਨੂੰਨੀ ਹਥਿਆਰ ਰੱਖਣ ਅਤੇ ਉਨ੍ਹਾਂ ਦੀ ਵਰਤੋਂ ਅਤੇ ਇਕ ਸੰਗਠਿਤ ਅਪਰਾਧ ਸਿੰਡੀਕੇਟ ਬਣਾਉਣ ਲਈ ਇੰਟਰਨੈੱਟ ਦੀ ਵਰਤੋਂ ਕਰ ਕੇ ਜਾਣਕਾਰੀ ਦੇਣ ਜਿਹੇ ਦੋਸ਼ਾਂ ਵਿਚ ਭਾਰਤ ਵਿਚ ਲੋੜੀਂਦਾ ਹੈ।''
ਰੇਡੀਓਵਾਲਾ ਨੂੰ ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਰਹਿਣ ਦੇ ਦੋਸ਼ ਵਿਚ ਨਿਊਜਰਸੀ ਦੇ ਇਸਲਿਨ ਵਿਚ ਨੇਵਾਰਕ ਦੀ ਇਨਫੋਰਸਮੈਂਟ ਅਤੇ ਰਿਮੂਵਲ ਮੁਹਿੰਮਾਂ (ਈ.ਆਰ.ਓ.) ਨੇ ਸਤੰਬਰ 2017 ਵਿਚ ਗ੍ਰਿਫਤਾਰ ਕੀਤਾ ਸੀ। ਬਿਆਨ ਵਿਚ ਕਿਹਾ ਗਿਆ ਕਿ ਬਾਅਦ ਵਿਚ ਇਕ ਜੱਜ ਨੇ ਉਸ ਨੂੰ ਭਾਰਤ ਭੇਜਣ ਦਾ ਆਦੇਸ਼ ਸੁਣਾਇਆ ਸੀ। ਸੋਮਵਾਰ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪੇ ਜਾਣ ਤੱਕ ਰੇਡੀਓਵਾਲਾ ਈ.ਆਰ.ਓ. ਨੇਵਾਰਕ ਦੀ ਹਿਰਾਸਤ ਵਿਚ ਸੀ।