ਚੀਨੀ ਰਾਸ਼ਟਰਪਤੀ ਨਾਲ ਗੱਲਬਾਤ ਦੀ ਕੋਈ ਯੋਜਨਾ ਨਹੀਂ : ਟਰੰਪ

Wednesday, Jul 15, 2020 - 06:24 PM (IST)

ਚੀਨੀ ਰਾਸ਼ਟਰਪਤੀ ਨਾਲ ਗੱਲਬਾਤ ਦੀ ਕੋਈ ਯੋਜਨਾ ਨਹੀਂ : ਟਰੰਪ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹਨਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲ ਨਹੀਂ ਕੀਤੀ ਹੈ ਅਤੇ ਨਾ ਹੀ ਉਹਨਾਂ ਦੀ ਅਜਿਹਾ ਕਰਨ ਦੀ ਕੋਈ ਯੋਜਨਾ ਹੈ। ਟਰੰਪ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਨਹੀਂ, ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ ਹੈ। ਮੇਰੀ ਉਹਨਾਂ ਨਾਲ ਗੱਲ ਕਰਨ ਦੀ ਕੋਈ ਯੋਜਨਾ ਨਹੀਂ ਹੈ।'' ਉਹਨਾਂ ਨੇ ਕੋਰੋਨਾਵਾਇਰਸ ਨੂੰ ਚੀਨ ਤੋਂ ਬਾਹਰ ਫੈਲਣ ਤੋਂ ਰੋਕਣ ਵਿਚ ਉਸ ਦੀ ਅਸਫਲਤਾ 'ਤੇ ਨਾਰਾਜ਼ਗੀ ਜ਼ਾਹਰ ਕੀਤੀ। 

ਟਰੰਪ ਨੇ ਕਿਹਾ,''ਇਸ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਅਸੀਂ ਇਨਫੈਕਸ਼ਨ ਨੂੰ ਲੁਕਾਉਣ ਅਤੇ ਇਸ ਨੂੰ ਦੁਨੀਆ ਭਰ ਵਿਚ ਫੈਲਾਉਣ ਲਈ ਚੀਨ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦੇ ਹਾਂ। ਇਸ ਨੂੰ ਰੋਕਿਆ ਜਾ ਸਕਦਾ ਸੀ। ਉਹਨਾਂ ਨੂੰ ਇਸ ਨੂੰ ਰੋਕਣਾ ਚਾਹੀਦਾ ਸੀ।'' ਟਰੰਪ ਇਸ ਮੁੱਦੇ 'ਤੇ ਚੀਨ ਦਾ ਪੱਖ ਲੈਣ ਲਈ ਵਿਸ਼ਵ ਸਿਹਤ ਸੰਗਠਨ 'ਤੇ ਵੀ ਬਰਸੇ। ਟਰੰਪ ਨੇ ਕਿਹਾ,''ਉਹ ਅਸਲ ਵਿਚ ਚੀਨ ਦੀ ਕਠਪੁਤਲੀ ਸਨ।'' ਟਰੰਪ ਨੇ ਚੀਨ 'ਤੇ ਨਰਮ ਰਵੱਈਆ ਅਪਨਾਉਣ ਲਈ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਅਤੇ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਆਪਣੇ ਵਿਰੋਧੀ ਜੋ ਬਿਡੇਨ ਦੀ ਵੀ ਆਲੋਚਨਾ ਕੀਤੀ। 

ਉਹਨਾਂ ਨੇ ਕਿਹਾ,''ਮੇਰੇ ਪ੍ਰਸ਼ਾਸਨ ਨੇ ਚੀਨ ਅਤੇ ਯੂਰਪ ਤੋਂ ਆਉਣ ਵਾਲੇ ਲੋਕਾਂ ਦੇ ਦਾਖਲ ਹੋਣ 'ਤੇ ਬਹੁਤ ਜਲਦੀ ਪਾਬੰਦੀ ਲਗਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਇਹ ਜਾਣ ਲਵੇ ਕਿ ਅਸੀਂ ਚੀਨੀ ਵਾਇਰਸ ਨਾਲ ਲੜਨ ਅਤੇ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਸੰਘੀ ਸਰਕਾਰ ਦੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰ ਰਹੇ ਹਾਂ। 'ਆਪਰੇਸ਼ਨ ਵਾਰਪ ਸਪੀਡ' ਦੇ ਜ਼ਰੀਏ ਅਸੀਂ ਰਿਕਾਰਡ ਸਮੇਂ ਵਿਚ ਟੀਕਾ ਬਣਾ ਦੇਵਾਂਗੇ।'' ਰਾਸ਼ਟਰਪਤੀ ਟਰੰਪ ਨੇ ਕਿਹਾ,'' ਬਿਡੇਨ ਨੇ ਕਿਹਾ ਕਿ ਚੀਨ ਨੂੰ ਵਿਰੋਧੀ ਮੰਨਣਾ ਬਿਲਕੁਲ ਅਜੀਬ ਗੱਲ ਹੈ। ਇਹ ਸੱਚ ਵਿਚ ਅਜੀਬ ਹੈ। ਉਹਨਾਂ ਨੇ ਕਿਹਾ ਕਿ ਚੀਨ ਕੋਈ ਸਮੱਸਿਆ ਨਹੀਂ ਹੈ। ਅਜਿਹਾ ਨਹੀਂ ਹੈ। ਪਿਛਲੇ 25-30 ਸਾਲਾਂ ਵਿਚ ਚੀਨ ਨੇ ਸਾਡੇ ਕੋਲੋਂ ਸਭ ਤੋਂ ਵੱਧ ਖੋਹਿਆ ਹੈ।'' 


author

Vandana

Content Editor

Related News