ਕੋਵਿਡ-19: ਟਰੰਪ ਨੇ ਮੋਦੀ ਨੂੰ ਦੱਸਿਆ ਆਪਣਾ ਦੋਸਤ, ਵੈਂਟੀਲੇਟਰ ਦੇਣ ਦਾ ਕੀਤਾ ਐਲਾਨ

05/16/2020 12:14:28 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਵਿਡ-19 ਮਹਾਮਾਰੀ ਦੇ ਖਿਲਾਫ ਲੜਾਈ ਵਿਚ ਮਦਦ ਕਰਨ ਦੇ ਲਈ ਭਾਰਤ ਨੂੰ ਵੈਂਟੀਲੇਟਰ ਦੇਣ ਦਾ ਐਲਾਨ ਕੀਤਾ ਹੈ। ਸ਼ਨੀਵਾਰ ਨੂੰ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਮਰੀਕਾ ਭਾਰਤ ਵਿਚ ਸਾਡੇ ਦੋਸਤਾਂ ਨੂੰ ਵੈਂਟੀਲੇਟਰ ਦਾਨ ਕਰੇਗਾ। ਅਸੀਂ ਇਸ ਮਹਾਮਾਰੀ ਦੇ ਵੇਲੇ ਭਾਰਤ ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਖੜ੍ਹੇ ਹਾਂ। ਅਸੀਂ ਵੈਕਸੀਨ ਬਣਾਉਣ ਵਿਚ ਵੀ ਸਹਿਯੋਗ ਕਰ ਰਹੇ ਹਾਂ। ਅਸੀਂ ਇਕੱਠੇ ਮਿਲ ਕੇ ਅਦਿੱਖ ਦੁਸ਼ਮਣ ਨਾਲ ਲੜਾਂਗੇ।

ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਬਹੁਤ ਮਹਾਨ ਦੇਸ਼ ਹੈ ਤੇ ਪ੍ਰਧਾਨ ਮੰਤਰੀ ਮੋਦੀ ਮੇਰੇ ਬਹੁਚ ਚੰਗੇ ਦੋਸਤ ਹਨ। ਮੈਂ ਕੁਝ ਦਿਨ ਪਹਿਲਾਂ ਹੀ ਭਾਰਤ ਤੋਂ ਪਰਤਿਆ ਹਾਂ ਤੇ ਅਸੀਂ ਇਕੱਠੇ ਰਹੇ। ਰਾਸ਼ਟਰਪਤੀ ਟਰੰਪ ਨੇ ਆਪਣੇ ਬਿਆਨ ਵਿਚ ਨਵੀਂ ਦਿੱਲੀ, ਅਹਿਮਦਾਬਾਦ ਤੇ ਆਗਰਾ ਦੌਰੇ ਦਾ ਜ਼ਿਕਰ ਕੀਤਾ। ਹਾਲਾਂਕਿ ਵਾਈਟ ਹਾਊਸ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਕਿੰਨੇ ਵੈਂਟੀਲੇਟਰ ਦਾਨ ਕੀਤੇ ਜਾਣਗੇ। ਟਰੰਪ ਨੇ ਕਿਹਾ ਕਿ ਦੋਵੇਂ ਦੇਸ਼ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਇਕ-ਦੂਜੇ ਦੇ ਨਾਲ ਖੜ੍ਹੇ ਹਨ। ਉਹਨਾਂ ਨੇ ਆਪਣੇ ਟਵੀਟ ਵਿਚ ਇਹ ਵੀ ਕਿਹਾ ਕਿ ਅਮਰੀਕਾ ਤੇ ਭਾਰਤ ਇਸ ਟੀਕੇ ਨੂੰ ਵਿਕਸਿਤ ਕਰਨ ਵਿਚ ਇਕ-ਦੂਜੇ ਨਾਲ ਸਹਿਯੋਗ ਕਰ ਰਹੇ ਹਨ। ਉਹਨਾਂ ਨੂੰ ਉਮੀਦ ਹੈ ਕਿ ਦੋਵੇਂ ਦੇਸ਼ ਮਿਲ ਕੇ ਇਸ ਅਦਿੱਖ ਦੁਸ਼ਮਣ ਨੂੰ ਹਰਾ ਦੇਣਗੇ।

ਟਰੰਪ ਨੇ ਭਾਰਤੀ-ਅਮਰੀਕੀ ਵਿਗਿਆਨੀਆਂ ਤੇ ਖੋਜਕਾਰਾਂ ਦੀਆਂ ਘਾਤਕ ਕੋਰੋਨਾ ਵਾਇਰਸ ਦੇ ਲਈ ਦਵਾਈਆਂ ਤੇ ਵੈਕਸੀਨ ਵਿਕਸਿਤ ਕਰਨ ਵਿਚ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਟਰੰਪ ਨੇ ਕਿਹਾ ਕਿ ਅਮਰੀਕਾ ਮਹਾਮਾਰੀ ਨਾਲ ਨਿਪਟਣ ਵਿਚ ਭਾਰਤ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਵਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਵਿਚ ਬਹੁਤ ਸਾਰੇ ਭਾਰਤੀ ਹਨ ਤੇ ਤੁਸੀਂ ਜਿਹਨਾਂ ਲੋਕਾਂ ਬਾਰੇ ਗੱਲ ਕਰ ਰਹੇ ਹੋ, ਉਹਨਾਂ ਵਿਚੋਂ ਕਈ ਇਸ ਵੈਕਸੀਨ 'ਤੇ ਕੰਮ ਕਰ ਰਹੇ ਹਨ। ਉਹਨਾਂ ਵਿਚ ਮਹਾਨ ਵਿਗਿਆਨੀ ਤੇ ਖੋਜਕਾਰ ਸ਼ਾਮਲ ਹਨ।

ਅਮਰੀਕਾ ਵਿਚ ਕੋਰੋਨਾ ਇਨਫੈਰਸ਼ਨ ਤੇ ਉਸ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਬਹੁਤ ਜ਼ਿਆਦਾ ਹਨ। ਇਥੇ ਵਾਇਰਸ ਦੇ ਕਾਰਣ 87 ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ ਇਨਫੈਕਟਿਡਾਂ ਦੀ ਗਿਣਤੀ 14 ਲੱਖ 'ਤੇ ਪਹੁੰਚ ਗਈ ਹੈ। ਉਥੇ ਹੀ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾ ਮਰੀਜ਼ਾਂ ਦੇ ਮਾਮਲੇ ਸ਼ੁੱਕਰਵਾਰ ਨੂੰ ਉਸ ਨੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 85 ਹਜ਼ਾਰ ਨੂੰ ਪਾਰ ਕਰ ਗਈ ਹੈ।


Baljit Singh

Content Editor

Related News