ਇਬੋਲਾ ਦਾ ਵਧਿਆ ਡਰ : ਹੁਣ ਅਮਰੀਕਾ ਜਾਣ ਵਾਲੇ ਯਾਤਰੀਆਂ ਨੂੰ ਦੇਣਾ ਹੋਵੇਗਾ 21 ਦਿਨਾਂ ਦਾ ਹਲਫ਼ਨਾਮਾ
Wednesday, Nov 04, 2026 - 04:59 PM (IST)
ਇੰਟਰਨੈਸ਼ਨਲ ਡੈਸਕ- ਅਫਰੀਕੀ ਦੇਸ਼ ਕਾਂਗੋ 'ਚ ਇਬੋਲਾ ਵਾਇਰਸ ਦੇ ਤੇਜ਼ੀ ਨਾਲ ਵਧਦੇ ਕਹਿਰ ਨੇ ਅਮਰੀਕਾ ਦੀ ਚਿੰਤਾ ਵਧਾ ਦਿੱਤੀ ਹੈ। ਇਨਫੈਕਸ਼ਨ ਨੂੰ ਆਪਣੇ ਦੇਸ਼ ਵਿਚ ਪਹੁੰਚਣ ਤੋਂ ਰੋਕਣ ਲਈ ਅਮਰੀਕਾ ਨੇ ਅੰਤਰਰਾਸ਼ਟਰੀ ਉਡਾਣਾਂ ਰਾਹੀਂ ਆਉਣ ਵਾਲੇ ਯਾਤਰੀਆਂ ਲਈ 3 ਨਵੰਬਰ ਤੋਂ ਨਵਾਂ ਨਿਯਮ ਲਾਗੂ ਕੀਤਾ ਹੈ। ਹੁਣ ਅਮਰੀਕਾ ਜਾਣ ਵਾਲੇ ਹਰ ਹਵਾਈ ਯਾਤਰੀ ਨੂੰ ਲਿਖਤੀ ਜਾਂ ਡਿਜੀਟਲ ਤੌਰ ’ਤੇ ਇਹ ਹਲਫਨਾਮਾ ਦੇਣਾ ਹੋਵੇਗਾ ਕਿ ਉਸ ਨੇ ਪਿਛਲੇ 21 ਦਿਨਾਂ ਵਿਚ ਕਾਂਗੋ ਦੀ ਯਾਤਰਾ ਨਹੀਂ ਕੀਤੀ ਹੈ। ਇਸ ਹਲਫਨਾਮੇ ਤੋਂ ਬਿਨਾਂ ਕਿਸੇ ਨੂੰ ਵੀ ਅਮਰੀਕਾ ਜਾਣ ਵਾਲੀ ਉਡਾਣ ਵਿਚ ਸਵਾਰ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ।
ਦੁਨੀਆ ਦਾ ਦੂਜਾ ਸਭ ਤੋਂ ਵੱਡਾ ਇਬੋਲਾ ਕਹਿਰ
ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਅਨੁਸਾਰ ਕਾਂਗੋ ਵਿਚ ਇਬੋਲਾ ਦਾ ਮੌਜੂਦਾ ਕਹਿਰ ਰਿਕਾਰਡ ਵਿਚ ਦੂਜਾ ਸਭ ਤੋਂ ਵੱਡਾ ਹੈ। 27 ਅਕਤੂਬਰ ਤੱਕ ਉਥੇ ਇਨਫੈਕਸ਼ਨ ਦੇ 10,200 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਸਨ ਅਤੇ ਕਰੀਬ 5,000 ਲੋਕਾਂ ਦੀ ਮੌਤ ਹੋ ਚੁੱਕੀ ਸੀ। ਹਾਲਾਂਕਿ ਅਮਰੀਕਾ ਵਿਚ ਇਸ ਨਾਲ ਜੁੜਿਆ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਉਥੇ ਇਨਫੈਕਸ਼ਨ ਫੈਲਣ ਦਾ ਖਦਸ਼ਾ ਘੱਟ ਦੱਸਿਆ ਗਿਆ ਹੈ।
ਗਲਤ ਜਾਣਕਾਰੀ ਦੇਣ ’ਤੇ ਹੋ ਸਕਦੀ ਹੈ ਜੇਲ
ਨਾਬਾਲਿਗ ਬੱਚਿਆਂ ਵਲੋਂ ਮਾਤਾ-ਪਿਤਾ ਜਾਂ ਸਰਪ੍ਰਸਤ ਹਲਫਨਾਮਾ ਕਰ ਸਕਣਗੇ। ਦਿਵਿਅਾਂਗਤਾ ਕਾਰਨ ਹਸਤਾਖਰ ਨਾ ਕਰ ਪਾਉਣ ਵਾਲਿਆਂ ਵਲੋਂ ਅਧਿਕਾਰਤ ਵਿਅਕਤੀ ਅਜਿਹਾ ਕਰ ਸਕੇਗਾ। ਸੀ. ਡੀ. ਸੀ. ਦੇ ਮੁਤਾਬਕ ਗਲਤ ਜਾਂ ਭਰਮਾਊ ਜਾਣਕਾਰੀ ਦੇਣ ’ਤੇ ਮੁਕੱਦਮਾ, ਅਪਰਾਧਿਕ ਜੁਰਮਾਨਾ ਅਤੇ ਜੇਲ ਹੋ ਸਕਦੀ ਹੈ। ਇਹ ਹੁਕਮ ਕੇਵਲ ਹਵਾਈ ਯਾਤਰਾ ’ਤੇ ਲਾਗੂ ਹੋਵੇਗਾ, ਸੜਕ ਅਤੇ ਸਮੁੰਦਰੀ ਮਾਰਗ ’ਤੇ ਨਹੀਂ। ਇਹ ਅਮਰੀਕੀ ਸਮੇਂ ਅਨੁਸਾਰ 3 ਨਵੰਬਰ ਰਾਤ 11.59 ਵਜੇ ਤੋਂ ਪ੍ਰਭਾਵੀ ਹੋਵੇਗਾ। ਏਅਰਲਾਈਨਜ਼ ਸੰਗਠਨਾਂ ਨੇ ਹੁਕਮ ਦੀ ਸਮਾਂ ਹੱਦ ਅਤੇ ਦਾਇਰੇ ’ਤੇ ਮੁੜ ਵਿਚਾਰ ਦੀ ਮੰਗ ਕੀਤੀ ਹੈ।
ਏਅਰਪੋਰਟ ’ਤੇ ਠਹਿਰਨਾ ਵੀ ਮੰਨਿਆ ਜਾਵੇਗਾ ਯਾਤਰਾ
ਨਵੇਂ ਨਿਯਮ ਤਹਿਤ ਕਾਂਗੋ ਦੇ ਕਿਸੇ ਏਅਰਪੋਰਟ ਤੋਂ ਹੋ ਕੇ ਗੁਜ਼ਰਨਾ ਵੀ ਉਥੇ ਮੌਜੂਦ ਰਹਿਣ ਦੇ ਬਰਾਬਰ ਮੰਨਿਆ ਜਾਵੇਗਾ। ਭਾਵ ਜਹਾਜ਼ ਬਦਲੇ ਬਿਨਾਂ ਏਅਰਪੋਰਟ ਤੋਂ ਬਾਹਰ ਨਿਕਲੇ ਵੀ ਯਾਤਰੀ ਨੂੰ ਇਸ ਦੀ ਜਾਣਕਾਰੀ ਦੇਣੀ ਹੋਵੇਗੀ। ਇਹ ਨਿਯਮ ਅਮਰੀਕੀ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਵਿਦੇਸ਼ੀ ਨਾਗਰਿਕਾਂ ਤੋਂ ਇਲਾਵਾ ਬੱਚਿਆਂ, ਜਹਾਜ਼ ਦੇ ਪਾਇਲਟਾਂ ਅਤੇ ਕਰੂ ਮੈਂਬਰਾਂ ’ਤੇ ਵੀ ਲਾਗੂ ਹੋਵੇਗਾ। ਨਿੱਜੀ ਜਹਾਜ਼ਾਂ ਅਤੇ ਕਾਰਗੋ ਉਡਾਣਾਂ ਨੂੰ ਵੀ ਇਸ ਦੇ ਦਾਇਰੇ ਵਿਚ ਰੱਖਿਆ ਗਿਆ ਹੈ।
