PTI ਸਮਰਥਕਾਂ ਦੇ ਹਿੰਸਕ ਹੋਣ ''ਤੇ ਅਮਰੀਕਾ ਨੇ ਪਾਕਿਸਤਾਨ ਨੂੰ ਲਾਈ ਫਟਕਾਰ
Tuesday, Nov 26, 2024 - 11:35 AM (IST)
ਵਾਸ਼ਿੰਗਟਨ (ਭਾਸ਼ਾ)- ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਲਈ ਪਾਕਿਸਤਾਨ ਵਿਚ ਹਜ਼ਾਰਾਂ ਲੋਕਾਂ ਵਲੋਂ ਰੈਲੀ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦੇ ਮੱਦੇਨਜ਼ਰ ਅਮਰੀਕਾ ਨੇ ਪਾਕਿਸਤਾਨ ਨੂੰ ਫਟਕਾਰ ਲਈ ਹੈ। ਅਮਰੀਕਾ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਆਜ਼ਾਦੀ ਦਾ ਸਨਮਾਨ ਕਰਨ ਅਤੇ ਦੇਸ਼ ਦੇ ਕਾਨੂੰਨਾਂ ਪ੍ਰਤੀ ਸਨਮਾਨ ਯਕੀਨੀ ਬਣਾਉਣ ਲਈ ਲਈ ਕਿਹਾ ਹੈ।
ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਅਸੀਂ ਪਾਕਿਸਤਾਨ ਸਮੇਤ ਦੁਨੀਆ ਭਰ ਵਿੱਚ ਪ੍ਰਗਟਾਵੇ ਦੀ ਆਜ਼ਾਦੀ, ਸ਼ਾਂਤੀਪੂਰਨ ਅਸੈਂਬਲੀ ਅਤੇ ਐਸੋਸੀਏਸ਼ਨ ਦਾ ਸਮਰਥਨ ਕਰਦੇ ਹਾਂ। ਅਸੀਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਅਤੇ ਹਿੰਸਾ ਤੋਂ ਬਚਣ ਦੀ ਅਪੀਲ ਕਰਦੇ ਹਾਂ।'' ਉਨ੍ਹਾਂ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ,''ਅਸੀਂ ਪਾਕਿਸਤਾਨੀ ਅਧਿਕਾਰੀਆਂ ਨੂੰ ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਆਜ਼ਾਦੀਆਂ ਦਾ ਸਨਮਾਨ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪਾਕਿਸਤਾਨ ਦੇ ਕਾਨੂੰਨ ਅਤੇ ਸੰਵਿਧਾਨ ਪ੍ਰਤੀ ਸਨਮਾਨ ਯਕੀਨੀ ਕਰਨ ਦੀ ਅਪੀਲ ਕਰਦੇ ਹਾਂ। ਮਿਲਰ ਨੇ ਕਿਹਾ ਕਿ ਅਮਰੀਕਾ, ਪਾਕਿਸਤਾਨ ਵਿੱਚ ਲੋਕਾਂ ਦੇ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰਨ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- Imran ਸਮਰਥਕਾਂ ਦਾ ਮਾਰਚ ਹੋਇਆ ਹਿੰਸਕ, 'ਸ਼ੂਟ ਐਟ ਸਾਈਟ' ਆਰਡਰ ਜਾਰੀ
ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਥਾਪਕ ਇਮਰਾਨ ਖਾਨ ਦੇ ਸੱਦੇ 'ਤੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਹਜ਼ਾਰਾਂ ਪ੍ਰਦਰਸ਼ਨਕਾਰੀ ਦਾਖਲ ਹੋਣ 'ਤੇ ਝੜਪਾਂ 'ਚ ਘੱਟੋ-ਘੱਟ ਦੋ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। 72 ਸਾਲਾ ਸਾਬਕਾ ਪ੍ਰਧਾਨ ਮੰਤਰੀ, ਜੋ ਪਿਛਲੇ ਸਾਲ ਅਗਸਤ ਤੋਂ ਜੇਲ੍ਹ ਵਿੱਚ ਹਨ, ਨੇ 24 ਨਵੰਬਰ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਲਈ "ਆਖਰੀ ਕਾਲ" ਦਿੱਤੀ ਸੀ। ਉਸ ਨੇ ਇਹ ਕਾਲ 13 ਨਵੰਬਰ ਨੂੰ ਕੀਤੀ ਸੀ। ਖਾਨ ਨੇ ਕਥਿਤ ਤੌਰ 'ਤੇ ਜਨਾਦੇਸ਼ ਦੀ ਚੋਰੀ, ਲੋਕਾਂ ਦੀ ਬੇਇਨਸਾਫ਼ੀ ਅਤੇ ਸੰਵਿਧਾਨ ਦੀ 26ਵੀਂ ਸੋਧ ਦੇ ਪਾਸ ਹੋਣ ਦੀ ਨਿੰਦਾ ਕੀਤੀ ਸੀ। ਸੰਵਿਧਾਨ ਦੀ 26ਵੀਂ ਸੋਧ 'ਤੇ ਉਨ੍ਹਾਂ ਕਿਹਾ ਸੀ ਕਿ ਇਸ ਨੇ 'ਤਾਨਾਸ਼ਾਹੀ ਸ਼ਾਸਨ' ਨੂੰ ਮਜ਼ਬੂਤ ਕੀਤਾ ਹੈ। ਖਾਨ ਪਿਛਲੇ ਸਾਲ ਤੋਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ 'ਚ ਬੰਦ ਹੈ ਅਤੇ ਉਸ ਖ਼ਿਲਾਫ਼ 200 ਤੋਂ ਵੱਧ ਮਾਮਲੇ ਦਰਜ ਹਨ।
ਖੈਬਰ-ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਅਤੇ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਅਗਵਾਈ 'ਚ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਅੱਤਵਾਦ ਪ੍ਰਭਾਵਿਤ ਸੂਬੇ 'ਚ ਕਈ ਮਹੱਤਵਪੂਰਨ ਸਰਕਾਰੀ ਇਮਾਰਤਾਂ ਦੇ ਨੇੜੇ ਸਥਿਤ ਡੀ-ਚੌਕ 'ਤੇ ਧਰਨਾ ਦੇਣ ਲਈ ਆਪਣੀ ਯਾਤਰਾ ਸ਼ੁਰੂ ਕੀਤੀ। ਬੇਲਾਰੂਸ ਦੇ ਉੱਚ ਪੱਧਰੀ ਵਫ਼ਦ ਦੇ ਪਾਕਿਸਤਾਨ ਦੌਰੇ ਕਾਰਨ ਸਰਕਾਰ ਨੇ ਧਾਰਾ 144 ਲਾਗੂ ਕਰ ਦਿੱਤੀ ਸੀ ਅਤੇ ਉੱਥੇ ਰੈਲੀਆਂ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ। ਪਰ ਪ੍ਰਦਰਸ਼ਨਕਾਰੀ 'ਬੈਰੀਕੇਡ' ਹਟਾ ਕੇ ਸੁਰੱਖਿਆ ਕਰਮੀਆਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧ ਗਏ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਅਤੇ ਇਸਲਾਮਾਬਾਦ ਵਿੱਚ ਪੁਲਸ ਨੇ ਪਾਰਟੀ ਦੇ 3,500 ਤੋਂ ਵੱਧ ਨੇਤਾਵਾਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।