ਅਮਰੀਕਾ : ਕਈ ਸੂਬਿਆਂ ਨੇ ਕੋਵਿਡ -19 ਦੇ ਵਾਧੇ ਨਾਲ ਨਜਿੱਠਣ ਲਈ ਕੇਂਦਰੀ ਸਹਾਇਤਾ ਦੀ ਕੀਤੀ ਬੇਨਤੀ

Friday, Aug 13, 2021 - 12:08 AM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀਆਂ ਕਈ ਸਟੇਟਾਂ 'ਚ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਮਾਮਲਿਆਂ 'ਚ ਭਾਰੀ ਵਾਧਾ ਹੋ ਰਿਹਾ ਹੈ। ਜਿਸ ਕਰਕੇ ਕਈ ਸੂਬੇ ਹਸਪਤਾਲਾਂ 'ਚ ਕੋਰੋਨਾ ਮਰੀਜ਼ਾਂ ਦੇ ਵਧ ਰਹੇ ਦਾਖਲਿਆਂ ਕਾਰਨ ਭਵਿੱਖ ਦੀ ਚਿੰਤਾ ਦੇ ਮੱਦੇਨਜ਼ਰ ਕੇਂਦਰੀ ਸਰਕਾਰ ਤੋਂ ਸਹਾਇਤਾ ਦੀ ਮੰਗ ਕਰ ਰਹੇ ਹਨ। ਇਨ੍ਹਾਂ 'ਚ ਮਿਸੀਸਿਪੀ, ਫਲੋਰਿਡਾ ਅਤੇ ਲੁਈਸਿਆਨਾ ਆਦਿ ਸੂਬੇ ਸਟਾਫ ਅਤੇ ਹਸਪਤਾਲਾਂ ਦੀ ਸਮਰੱਥਾ ਦੀਆਂ ਚਿੰਤਾਵਾਂ ਦੀ ਰਿਪੋਰਟ ਕਰਨ ਵਾਲਿਆਂ 'ਚ ਸ਼ਾਮਲ ਹਨ।

ਇਹ ਵੀ ਪੜ੍ਹੋ :ਕੋਰੋਨਾ ਨੂੰ ਲੈ ਕੇ ਵਰਤੀ ਲਾਪਰਵਾਹੀ, ਚੀਨੀ ਸਰਕਾਰ ਨੇ 20 ਅਧਿਕਾਰੀਆਂ ਨੂੰ ਦਿੱਤੀ ਸਜ਼ਾ

ਇਸ ਸਬੰਧੀ ਰਿਪੋਰਟਾਂ ਦੇ ਅਨੁਸਾਰ ਮਿਸੀਸਿਪੀ ਦੇ ਅਧਿਕਾਰੀਆਂ ਨੇ ਮਿਲਟਰੀ ਹਾਸਪਿਟਲ ਸ਼ਿਪ 'ਯੂ.ਐੱਸ.ਐੱਨ.ਐੱਸ. ਕੰਫਰਟ' ਦੀ ਵਰਤੋਂ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ  ਕੋਵਿਡ -19 ਦੇ ਮਰੀਜ਼ਾਂ ਦੀ ਸਹਾਇਤਾ ਕੀਤੀ ਜਾ ਸਕੇ। ਮਿਸੀਸਿਪੀ ਦੇ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਪੁਸ਼ਟੀ ਕਰਦਿਆਂ ਦੱਸਿਆ ਕਿ ਸਟੇਟ ਪ੍ਰਸ਼ਾਸਨ ਨੇ ਬੇਨਤੀ ਕੀਤੀ ਹੈ ਕਿ ਕੇਂਦਰ ਸਰਕਾਰ ਯੂ.ਐੱਸ.ਐੱਨ.ਐੱਸ. ਕੰਫਰਟ ਵਰਗੇ ਫੌਜੀ ਹਸਪਤਾਲ ਦੇ ਜਹਾਜ਼ ਨੂੰ ਭੇਜੇ, ਜਿਸ ਨੇ ਪਿਛਲੇ ਸਾਲ ਨਿਊਯਾਰਕ ਸਿਟੀ 'ਚ 180 ਤੋਂ ਵੱਧ ਕੋਵਿਡ -19 ਮਰੀਜ਼ਾਂ ਦਾ ਇਲਾਜ ਕੀਤਾ ਸੀ। ਮਿਸੀਸਿਪੀ ਦੀ ਸਿਹਤ ਸੰਭਾਲ ਪ੍ਰਣਾਲੀ ਕੋਰੋਨਾ ਮਰੀਜ਼ਾਂ ਦੇ ਵਾਧੇ ਅਤੇ ਸਟਾਫ ਦੀ ਘਾਟ ਕਾਰਨ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਹੀ ਹੈ।

ਇਹ ਵੀ ਪੜ੍ਹੋ :ਨੇਪਾਲ 'ਚ ਕੋਰੋਨਾ ਦੇ 3260 ਨਵੇਂ ਮਾਮਲੇ ਆਏ ਸਾਹਮਣੇ, 32 ਮਰੀਜ਼ਾਂ ਦੀ ਹੋਈ ਮੌਤ

ਮਿਸੀਸਿਪੀ ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ਅਨੁਸਾਰ ਇਸ ਵੇਲੇ ਹਸਪਤਾਲ ਦੇ ਕਈ ਕਰਮਚਾਰੀ ਕੁਆਰੰਟੀਨ ਹਨ ਅਤੇ ਮੈਡੀਕਲ ਸੈਂਟਰ ਇਸ ਦੇ ਇੱਕ ਬੇਸਮੈਂਟ 'ਚ ਇੱਕ ਫੀਲਡ ਹਸਪਤਾਲ ਸਥਾਪਤ ਕਰੇਗਾ। ਗਵਰਨਰ ਟੇਟ ਰੀਵਜ਼ ਦੇ ਅਨੁਸਾਰ, ਰਾਜ ਭਰ 'ਚ, ਲੇਬਰ, ਸਟਾਫ ਦੀ ਕਮੀ ਦੇ ਦੌਰਾਨ 920 ਹੋਰ ਸਿਹਤ ਸੰਭਾਲ ਕਰਮਚਾਰੀਆਂ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਹੋਰਾਂ ਰਾਜਾਂ ਜਿਵੇਂ ਕਿ ਲੂਈਸਿਆਨਾ, ਫਲੋਰਿਡਾ 'ਚ ਵੀ ਹਸਪਤਾਲ ਭਵਿੱਖੀ ਸੰਕਟ ਦੀ ਸੰਭਾਵਨਾ ਨਾਲ ਨਜਿੱਠਣ ਲਈ ਕੋਸ਼ਿਸ਼ ਕਰ ਰਹੇ ਹਨ, ਜਿਸ 'ਚ ਵੈਂਟੀਲੇਟਰਾਂ, ਐਂਬੂਲੈਂਸ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਸ਼ਾਮਲ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News