Trump ਜਾਂ Harris... ਜਾਣੋ ਅਮਰੀਕੀ ਰਾਸ਼ਟਰਪਤੀ ਦੀ salary ਅਤੇ ਸਹੂਲਤਾਂ
Tuesday, Nov 05, 2024 - 05:29 PM (IST)
ਵਾਸ਼ਿੰਗਟਨ- ਅਮਰੀਕਾ ਵਿੱਚ ਅੱਜ ਭਾਵ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਦੋਵਾਂ ਦੀ ਕਿਸਮਤ ਦਾ ਫ਼ੈਸਲਾ ਪੂਰੀ ਤਰ੍ਹਾਂ ਵੋਟਰਾਂ 'ਤੇ ਨਿਰਭਰ ਹੈ। ਲਗਭਗ 8 ਕਰੋੜ ਅਮਰੀਕੀ ਪਹਿਲਾਂ ਹੀ ਡਾਕ ਅਤੇ ਅਰਲੀ ਵੋਟਿੰਗ ਜ਼ਰੀਏ ਵੋਟ ਪਾ ਚੁੱਕੇ ਹਨ। ਉਂਝ ਅਮਰੀਕਾ ਦੇ ਰਾਸ਼ਟਰਪਤੀ ਨੂੰ ਦੁਨੀਆ ਦੇ ਸਭ ਤੋਂ ਤਾਕਤਵਰ ਵਿਅਕਤੀਆਂ ਵਿੱਚ ਗਿਣਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ।
ਅਮਰੀਕਾ ਦੇ ਰਾਸ਼ਟਰਪਤੀ ਦੀ ਤਨਖਾਹ
ਅਮਰੀਕਾ ਦੇ ਰਾਸ਼ਟਰਪਤੀ ਨੂੰ ਹਰ ਸਾਲ 4 ਲੱਖ ਡਾਲਰ ਦੀ ਤਨਖਾਹ ਮਿਲਦੀ ਹੈ। ਰੁਪਏ ਦੀ ਗੱਲ ਕਰੀਏ ਤਾਂ ਇਹ ਰਕਮ 3.36 ਕਰੋੜ ਦੇ ਕਰੀਬ ਬਣਦੀ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਨੂੰ ਵਾਧੂ ਖਰਚਿਆਂ ਲਈ 50000 ਡਾਲਰ (ਕਰੀਬ 42 ਲੱਖ ਰੁਪਏ) ਵੀ ਮਿਲਦੇ ਹਨ। ਅਮਰੀਕੀ ਪ੍ਰਸ਼ਾਸਨ ਦੀ ਰਿਪੋਰਟ ਮੁਤਾਬਕ ਕੋਈ ਵੀ ਨਵਾਂ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਜਦੋਂ ਉਹ ਆਪਣੀ ਸਰਕਾਰੀ ਰਿਹਾਇਸ਼ ਵਜੋਂ ਵ੍ਹਾਈਟ ਹਾਊਸ ਆਉਂਦਾ ਹੈ ਤਾਂ ਉਸ ਨੂੰ 100,000 ਡਾਲਰ ਯਾਨੀ 84 ਲੱਖ ਰੁਪਏ ਦੀ ਇਕਮੁਸ਼ਤ ਰਾਸ਼ੀ ਦਿੱਤੀ ਜਾਂਦੀ ਹੈ। ਇਸ ਰਕਮ ਨਾਲ ਉਹ ਆਪਣੇ ਘਰ ਅਤੇ ਦਫ਼ਤਰ ਨੂੰ ਆਪਣੀ ਮਰਜ਼ੀ ਅਨੁਸਾਰ ਪੇਂਟ ਅਤੇ ਸਜਾਵਟ ਕਰਵਾ ਸਕਦਾ ਹੈ।
ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੂੰ 2000 ਡਾਲਰ ਸਲਾਨਾ ਤਨਖਾਹ ਮਿਲਦੀ ਸੀ। ਇਹ 235 ਸਾਲ ਪਹਿਲਾਂ ਬਹੁਤ ਵੱਡੀ ਰਕਮ ਸੀ। ਡੋਨਾਲਡ ਟਰੰਪ, ਜੌਹਨ ਐੱਫ ਕੈਨੇਡੀ ਅਤੇ ਹਰਬਰਟ ਹੂਵਰ ਵਰਗੇ ਕਈ ਅਮਰੀਕੀ ਰਾਸ਼ਟਰਪਤੀ ਆਪਣੀ ਸਾਲਾਨਾ ਤਨਖਾਹ ਲੋੜਵੰਦਾਂ ਅਤੇ ਚੈਰਿਟੀ ਸੰਸਥਾਵਾਂ ਨੂੰ ਦਾਨ ਕਰਦੇ ਸਨ।
ਹੋਰ ਕਿਹੜੀਆਂ ਸਹੂਲਤਾਂ ਉਪਲਬਧ
ਅਮਰੀਕੀ ਰਾਸ਼ਟਰਪਤੀ ਵਾਸ਼ਿੰਗਟਨ ਡੀ.ਸੀ ਵਿੱਚ ਵ੍ਹਾਈਟ ਹਾਊਸ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦਾ ਦਫ਼ਤਰ ਵੀ ਇੱਥੇ ਹੈ। 18 ਏਕੜ 'ਚ ਫੈਲੇ ਆਲੀਸ਼ਾਨ ਵ੍ਹਾਈਟ ਹਾਊਸ 'ਚ ਰਹਿਣ ਲਈ ਰਾਸ਼ਟਰਪਤੀ ਨੂੰ ਇਕ ਰੁਪਿਆ ਵੀ ਨਹੀਂ ਦੇਣਾ ਪੈਂਦਾ। ਬੀ.ਬੀ.ਸੀ ਦੀ ਇੱਕ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਨੂੰ ਮਨੋਰੰਜਨ, ਸਟਾਫ਼ ਅਤੇ ਰਸੋਈਏ ਲਈ ਸਾਲਾਨਾ 19,000 ਡਾਲਰ ਵੀ ਮਿਲਦੇ ਹਨ। ਅਮਰੀਕੀ ਰਾਸ਼ਟਰਪਤੀ ਲਈ ਸਿਹਤ ਸੇਵਾਵਾਂ ਵੀ ਮੁਫ਼ਤ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਪਈ ਪਹਿਲੀ ਵੋਟ, ਕਮਲਾ ਜਾਂ ਟਰੰਪ ਕੌਣ ਬਣੇਗਾ ਰਾਸ਼ਟਰਪਤੀ
ਸਖ਼ਤ ਸੁਰੱਖਿਆ ਅਤੇ ਕਾਫਲਾ
ਅਮਰੀਕੀ ਰਾਸ਼ਟਰਪਤੀ ਉਨ੍ਹਾਂ ਲੋਕਾਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਸਭ ਤੋਂ ਮਜ਼ਬੂਤ ਅਤੇ ਵਿਆਪਕ ਸੁਰੱਖਿਆ ਮਿਲਦੀ ਹੈ। ਉਸਦੀ ਸੁਰੱਖਿਆ ਵਿੱਚ ਸੀਕਰੇਟ ਸਰਵਿਸ, ਐਫ.ਬੀ.ਆਈ ਅਤੇ ਮਰੀਨ ਦੇ ਏਜੰਟ ਸ਼ਾਮਲ ਹਨ। ਅਮਰੀਕੀ ਰਾਸ਼ਟਰਪਤੀ ਏਅਰ ਫੋਰਸ ਵਨ ਜਹਾਜ਼ ਰਾਹੀਂ ਯਾਤਰਾ ਕਰਦੇ ਹਨ ਜਿਸ ਨੂੰ ਦੁਨੀਆ ਦਾ ਸਭ ਤੋਂ ਸੁਰੱਖਿਅਤ ਅਤੇ ਆਧੁਨਿਕ ਜਹਾਜ਼ ਕਿਹਾ ਜਾਂਦਾ ਹੈ। ਏਅਰ ਫੋਰਸ ਵਨ ਕੋਲ ਲਗਭਗ 4000 ਵਰਗ ਫੁੱਟ ਜਗ੍ਹਾ ਹੈ। ਇਸ ਵਿੱਚ ਰਾਸ਼ਟਰਪਤੀ ਦਫ਼ਤਰ, ਸਕੱਤਰੇਤ, ਮੀਟਿੰਗ ਰੂਮ ਅਤੇ ਬੈੱਡਰੂਮ ਵੀ ਬਣਾਇਆ ਗਿਆ ਹੈ। ਉਹ ਜਹਾਜ਼ ਵਿਚ ਰਹਿੰਦਿਆਂ ਆਪਣਾ ਰੋਜ਼ਾਨਾ ਦਾ ਕੰਮ ਕਰ ਸਕਦਾ ਹੈ। ਜਹਾਜ਼ 'ਚ ਉਸ ਨਾਲ ਕਰੀਬ 100 ਲੋਕ ਸਫਰ ਕਰ ਸਕਦੇ ਹਨ। ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਦੇ ਕਾਫਲੇ 'ਚ ਲਿਮੋਜ਼ਿਨ ਕਾਰਾਂ ਅਤੇ ਸਮੁੰਦਰੀ ਹੈਲੀਕਾਪਟਰ ਵੀ ਸ਼ਾਮਲ ਹਨ। ਇਹ ਬੁਲੇਟਪਰੂਫ ਵਾਹਨ ਮਿਜ਼ਾਈਲ ਪ੍ਰਣਾਲੀਆਂ ਤੋਂ ਲੈ ਕੇ ਆਧੁਨਿਕ ਸੰਚਾਰ ਪ੍ਰਣਾਲੀਆਂ ਤੱਕ ਹਰ ਚੀਜ਼ ਨਾਲ ਲੈਸ ਹਨ।
ਪੜ੍ਹੋ ਇਹ ਅਹਿਮ ਖ਼ਬਰ-UK ਨੇ ਵਿਦਿਆਰਥੀਆਂ ਨੂੰ ਦਿੱਤਾ ਝਟਕਾ, ਵਧੇਗਾ ਲੱਖਾਂ ਰੁਪਏ ਦਾ ਬੋਝ
ਮੀਡੀਆ ਰਿਪੋਰਟਾਂ ਮੁਤਾਬਕ ਸਾਲ 1789 ਵਿੱਚ ਅਮਰੀਕੀ ਰਾਸ਼ਟਰਪਤੀ ਦੀ ਤਨਖਾਹ 25,000 ਡਾਲਰ ਸੀ। ਫਿਰ 1873 ਵਿੱਚ ਇਹ ਵਧ ਕੇ 50,000 ਡਾਲਰ ਹੋ ਗਈ। 1909 ਵਿੱਚ ਇਹ 75,000 ਡਾਲਰ, 1949 ਵਿੱਚ 100,000 ਡਾਲਰ, 1969 ਵਿੱਚ 2 ਲੱਖ ਡਾਲਰ ਅਤੇ 2001 ਵਿੱਚ 4 ਲੱਖ ਡਾਲਰ ਹੋ ਗਈ। ਆਖਰੀ ਵਾਰ ਅਮਰੀਕੀ ਰਾਸ਼ਟਰਪਤੀ ਦੀ ਤਨਖਾਹ ਵਿੱਚ ਵਾਧਾ 2001 ਵਿੱਚ ਜਾਰਜ ਡਬਲਯੂ ਬੁਸ਼ ਦੇ ਕਾਰਜਕਾਲ ਵਿੱਚ ਕੀਤਾ ਗਿਆ ਸੀ। ਪਿਛਲੇ 23 ਸਾਲਾਂ ਵਿੱਚ ਅਮਰੀਕੀ ਰਾਸ਼ਟਰਪਤੀ ਦੀ ਤਨਖਾਹ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ।
ਕਿਸ ਨੇਤਾ ਦੀ ਸਭ ਤੋਂ ਵੱਧ ਤਨਖਾਹ
ਦਿਲਚਸਪ ਗੱਲ ਇਹ ਹੈ ਕਿ ਭਾਵੇਂ ਅਮਰੀਕੀ ਰਾਸ਼ਟਰਪਤੀ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਵਿਅਕਤੀ ਮੰਨਿਆ ਜਾਂਦਾ ਹੈ, ਪਰ ਉਹ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਨੇਤਾਵਾਂ ਦੀ ਸੂਚੀ ਵਿੱਚ ਬਹੁਤ ਪਿੱਛੇ ਹਨ। ਸਿੰਗਾਪੁਰ ਦਾ ਪ੍ਰਧਾਨ ਮੰਤਰੀ ਦੁਨੀਆ ਦਾ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਨੇਤਾ ਹੈ। ਉਸ ਨੂੰ 16.1 ਲੱਖ ਡਾਲਰ ਯਾਨੀ ਲਗਭਗ 13.44 ਕਰੋੜ ਰੁਪਏ ਸਾਲਾਨਾ ਤਨਖਾਹ ਮਿਲਦੀ ਹੈ। ਇਸੇ ਤਰ੍ਹਾਂ ਹਾਂਗਕਾਂਗ ਦੇ ਪ੍ਰਸ਼ਾਸਕ ਨੂੰ ਵੀ 5.5 ਕਰੋੜ ਰੁਪਏ ਸਾਲਾਨਾ ਤਨਖਾਹ ਮਿਲਦੀ ਹੈ। ਭਾਰਤ ਦੀ ਗੱਲ ਕਰੀਏ ਤਾਂ ਇੱਥੇ ਰਾਸ਼ਟਰਪਤੀ (ਭਾਰਤੀ ਰਾਸ਼ਟਰਪਤੀ ਦੀ ਤਨਖਾਹ) ਨੂੰ ਹਰ ਮਹੀਨੇ 500,000 ਲੱਖ ਰੁਪਏ ਦੀ ਤਨਖਾਹ ਮਿਲਦੀ ਹੈ। ਇਹ ਰਕਮ 60 ਲੱਖ ਸਾਲਾਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।