ਅਮਰੀਕੀ ਸੰਸਦ ''ਚ ਪੇਸ਼ ਹੋਇਆ ਨਾਗਰਿਕ ਬਿੱਲ 2021, ਭਾਰਤੀਆਂ ਨੂੰ ਹੋਵੇਗਾ ਵੱਡਾ ਫਾਇਦਾ
Friday, Feb 19, 2021 - 06:03 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕੀ ਨਾਗਰਿਕਤਾ ਬਿੱਲ 2021 ਨੂੰ ਸੰਸਦ ਵਿਚ ਪੇਸ਼ ਕੀਤਾ ਗਿਆ। ਇਸ ਦੇ ਜ਼ਰੀਏ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਲਈ ਕਿਸੇ ਦੇਸ਼ ਦੇ ਪ੍ਰਵਾਸੀਆਂ ਦੀ ਗਿਣਤੀ ਸੀਮਤ ਕਰਨ 'ਤੇ ਪਹਿਲਾਂ ਲਗਾਈ ਗਈ ਰੋਕ ਖ਼ਤਮ ਕੀਤੀ ਜਾਵੇਗੀ। ਕਾਨੂੰਨ ਬਣਨ ਦੇ ਬਾਅਦ ਐੱਚ-1ਬੀ ਵੀਜ਼ਾਧਾਰਕਾਂ 'ਤੇ ਨਿਰਭਰ ਰਹਿਣ ਵਾਲਿਆਂ ਨੂੰ ਵੀ ਕੰਮ ਕਰਨ ਦੀ ਇਜਾਜ਼ਤ ਮਿਲੇਗੀ। ਅਮਰੀਕਾ ਵਿਚ ਤਕਨਾਲੋਜੀ ਖੇਤਰ ਵਿਚ ਕੰਮ ਕਰਨ ਵਾਲੇ ਹਜ਼ਾਰਾਂ ਭਾਰਤੀਆਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ।
ਸੰਸਦ ਦੇ ਦੋਵੇਂ ਸਦਨਾਂ ਪ੍ਰਤੀਨਿਧੀ ਸਭਾ ਅਤੇ ਸੈਨੇਟ ਵਿਚ ਬਿੱਲ ਪਾਸ ਹੋ ਜਾਣ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਦਸਤਖ਼ਤ ਦੇ ਬਾਅਦ ਕਾਨੂੰਨ ਬਣ ਜਾਣ ਮਗਰੋਂ ਬਿਨਾਂ ਦਸਤਾਵੇਜ਼ ਦੇ ਰਹਿ ਰਹੇ ਅਤੇ ਵੈਧ ਤਰੀਕੇ ਨਾਲ ਦੇਸ਼ ਵਿਚ ਆਏ ਲੱਖਾਂ ਲੋਕਾਂ ਨੂੰ ਨਾਗਰਿਕਤਾ ਮਿਲਣ ਦਾ ਰਾਹ ਪੱਧਰਾ ਹੋਵੇਗਾ। ਸੈਨੇਟਰ ਬੌਬ ਮੇਨੇਂਡੇਜ ਅਤੇ ਪ੍ਰਤੀਨਿਧੀ ਸਭਾ ਦੀ ਮੈਂਬਰ ਲਿੰਡਾ ਸਾਂਚੇਜ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕੀ ਨਾਗਰਿਕਤਾ ਕਾਨੂੰਨ 2021 ਵਿਚ ਇਮੀਗ੍ਰੇਸ਼ਨ ਸੁਧਾਰ ਦੀ ਵਿਵਸਥਾ ਕੀਤੀ ਗਈ ਹੈ। ਇਸ ਮਹੱਤਵਪੂਰਨ ਕਦਮ ਦੇ ਤਹਿਤ ਗ੍ਰੀਨ ਕਾਰਡ ਲਈ 10 ਸਾਲ ਤੋਂ ਵੱਧ ਸਮੇਂ ਦਾ ਇੰਤਜ਼ਾਰ ਕਰ ਰਹੇ ਪੇਸ਼ੇਵਰਾਂ ਨੂੰ ਵੈਧ ਰੂਪ ਨਾਲ ਸਥਾਈ ਤੌਰ 'ਤੇ ਰਹਿਣ ਦੀ ਮਨਜ਼ੂਰੀ ਵੀ ਮਿਲ ਜਾਵੇਗੀ। ਇਸ ਕਾਨੂੰਨ ਦੇ ਬਣਨ ਨਾਲ ਸਭ ਤੋਂ ਜ਼ਿਆਦਾ ਫਾਇਦਾ ਭਾਰਤੀਆਂ ਨੂੰ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਵਿਗਿਆਨੀ ਦੀ ਬਦੌਲਤ ਨਾਸਾ ਨੇ ਰਚਿਆ ਇਤਿਹਾਸ, ਮੰਗਲ ਗ੍ਰਹਿ 'ਤੇ ਉਤਰਿਆ ਰੋਵਰ
ਬਾਈਡੇਨ ਨੇ 20 ਜਨਵਰੀ ਨੂੰ ਸਹੁੰ ਚੁੱਕਣ ਦੇ ਬਾਅਦ ਇਸ ਬਿੱਲ ਨੂੰ ਸੰਸਦ ਲਈ ਭੇਜ ਦਿੱਤਾ ਸੀ। ਇਸ ਦੇ ਤਹਿਤ ਰੁਜ਼ਗਾਰ ਆਧਾਰਿਤ ਪੈਂਡਿੰਗ ਵੀਜ਼ਾ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਹਰੇਕ ਦੇਸ਼ 'ਤੇ ਵੀਜ਼ਾ ਲਈ ਲਗਾਈ ਗਈ ਸੀਮਾ ਵੀ ਖ਼ਤਮ ਕੀਤੀ ਜਾਵੇਗੀ ਅਤ ਉਡੀਕ ਸਮੇਂ ਨੂੰ ਘਟਾਇਆ ਜਾਵੇਗਾ। ਬਿੱਲ ਵਿਚ ਅਮਰੀਕੀ ਯੂਨੀਵਰਸਿਟੀਆਂ ਤੋਂ 'ਐੱਸ.ਟੀ.ਈ.ਐੱਮ.' ਵਿਸ਼ੇ ਦੇ ਡਿਗਰੀ ਧਾਰਕਾਂ ਦੇ ਅਮਰੀਕਾ ਵਿਚ ਰਹਿਣ ਦਾ ਰਸਤਾ ਵੀ ਆਸਾਨ ਬਣਾਉਣ ਦੀ ਵਿਵਸਥਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਐੱਸ.ਟੀ.ਈ.ਐੱਮ. (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਵਿਸ਼ਿਆਂ ਵਿਚ ਡਿਗਰੀ ਲਈ ਅਮਰੀਕੀ ਯੂਨੀਵਰਸਿਟੀਆਂ ਵਿਚ ਸਭ ਤੋਂ ਵੱਧ ਵਿਦਿਆਰਥੀ ਭਾਰਤ ਦੇ ਹੀ ਹਨ।
ਦੋਹਾਂ ਸਦਨਾਂ ਵਿਚ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਦਾ ਬਹੁਮਤ ਹੈ। ਭਾਵੇਂਕਿ ਉਪਰੀ ਸਦਨ ਵਿਚ ਬਿਲ ਨੂੰ ਪਾਸ ਕਰਾਉਣ ਲਈ ਪਾਰਟੀ ਨੂੰ 10 ਰੀਪਬਲਿਕਨ ਮੈਂਬਰਾਂ ਦੇ ਸਮਰਥਨ ਦੀ ਲੋੜ ਹੋਵੇਗੀ। ਡੈਮੋਕ੍ਰੈਟਿਕ ਪਾਰਟੀ ਦੀ ਅਗਵਾਈ ਅਤੇ ਵ੍ਹਾਈਟ ਹਾਊਸ਼ ਨੇ ਆਸ ਜ਼ਾਹਰ ਕੀਤੀ ਹੈ ਕਿ ਉਹਨਾਂ ਨੂੰ ਅਮਰੀਕਾ ਵਿਚ ਰਹਿ ਰਹੇ ਲੱਖਾਂ ਗੈਰ ਨਾਗਰਿਕਾਂ ਦੇ ਹਿੱਤ ਲਈ ਲੋੜੀਂਦਾ ਸਮਰਥਨ ਮਿਲੇਗਾ।
ਨੋਟ- ਅਮਰੀਕਾ ਸੰਸਦ 'ਚ ਪੇਸ਼ ਹੋਇਆ ਨਾਗਰਿਕਾ ਬਿੱਲ 2021, ਭਾਰਤੀਆਂ ਨੂੰ ਹੋਵੇਗਾ ਵੱਡਾ ਫਾਇਦਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।