ਅਮਰੀਕੀ ਮੀਡੀਆ ਦਾ ਦਾਅਵਾ : ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਦੀ ਹਾਲਤ ਗੰਭੀਰ

04/21/2020 11:11:41 AM

ਸਿਓਲ- ਮੰਗਲਵਾਰ ਨੂੰ ਅਮਰੀਕੀ ਮੀਡੀਆ ਨੇ ਦਾਅਵਾ ਕੀਤਾ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਇਕ ਆਪਰੇਸ਼ਨ ਤੋਂ ਬਾਅਦ ਬਹੁਤ ਨਾਜ਼ੁਕ ਸਥਿਤੀ ਵਿਚ ਹਨ। ਹਾਲਾਂਕਿ, ਦੱਖਣੀ ਕੋਰੀਆ ਦੇ ਏਕੀਕਰਨ ਮੰਤਰਾਲੇ ਅਤੇ ਰਾਸ਼ਟਰੀ ਖੁਫੀਆ ਏਜੰਸੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਤੁਰੰਤ ਰਿਪੋਰਟ ਦੀ ਪੁਸ਼ਟੀ ਨਹੀਂ ਕਰ ਸਕਦੇ ਪਰ ਯੂ. ਐੱਸ. ਟੀ. ਵੀ. ਚੈਨਲ ਸੀ. ਐੱਨ. ਐੱਨ. ਨੇ ਇਕ ਅਮਰੀਕੀ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਕਿ ਕਿਮ ਆਪਰੇਸ਼ਨ ਤੋਂ ਬਾਅਦ ਗੰਭੀਰ ਖਤਰੇ ਵਿਚ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿਲ ਸਬੰਧੀ ਬੀਮਾਰੀ ਦੇ ਆਪਰੇਸ਼ਨ ਮਗਰੋਂ ਉਨ੍ਹਾਂ ਦਾ ਬ੍ਰੇਨ ਡੈੱਡ ਹੋ ਗਿਆ ਹੈ। ਉੱਤਰੀ ਕੋਰੀਆ ਦੀ ਮੀਡੀਆ ਨੇ ਇਸ ਬਾਰੇ ਅਜੇ ਕੁਝ ਨਹੀਂ ਦੱਸਿਆ ਕਿਉਂਕਿ ਇੱਥੇ ਮੀਡੀਆ 'ਤੇ ਸਰਕਾਰ ਦਾ ਕੰਟਰੋਲ ਹੁੰਦਾ ਹੈ।

ਸੀ. ਐੱਨ. ਐੱਨ. ਦੀ ਰਿਪੋਰਟ ਮੁਤਾਬਕ, ਕਿਮ ਜੋਂਗ ਦੇ ਸਰਵਗਵਾਸੀ ਦਾਦਾ ਦੇ 108ਵੇਂ ਜਨਮ ਦਿਨ 'ਤੇ 15 ਅਪ੍ਰੈਲ ਨੂੰ ਰਾਸ਼ਟਰੀ ਪੱਧਰ 'ਤੇ ਸਮਾਗਮ ਹੋਇਆ ਪਰ ਕਿਮ ਦਿਖਾਈ ਨਹੀਂ ਦਿੱਤੇ ਸਨ। ਜਿਸ ਦੇ ਬਾਅਦ ਉਨ੍ਹਾਂ ਦੀ ਸਿਹਤ ਸਬੰਧੀ ਚਿੰਤਾ ਕੀਤੀ ਜਾਣ ਲੱਗੀ। ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ ਤੇ ਵੱਡੇ ਪੱਧਰ 'ਤੇ ਸਮਾਰੋਹ ਮਨਾਇਆ ਜਾਂਦਾ ਹੈ। ਕਮਸੂਸਨ ਪੈਲਸ ਵਿਚ ਕਿਮ ਇਲ ਸੁੰਗ ਦੀ ਸਮਾਧੀ ਉੱਤੇ ਫੁੱਲ ਚੜ੍ਹਾਉਣ ਲਈ ਦੇਸ਼ ਦੇ ਉੱਚ ਨੇਤਾ ਪੁੱਜਦੇ ਹਨ ਤੇ ਕਿਮ ਵੀ ਕਾਫੀ ਸਮਾਂ ਇੱਥੇ ਬਤੀਤ ਕਰਦੇ ਹਨ ਪਰ ਇਸ ਵਾਰ ਕਿਮ ਦਾ ਦਿਖਾਈ ਨਾ ਦੇਣਾ ਕਈ ਸਵਾਲ ਚੁੱਕ ਰਿਹਾ ਹੈ। ਮੀਡੀਆ ਨੇ ਆਖਰੀ ਵਾਰ ਉਨ੍ਹਾਂ ਨੂੰ 11 ਅਪ੍ਰੈਲ ਨੂੰ ਦੇਖਿਆ ਸੀ। 

ਹਾਲਾਂਕਿ ਉੱਤਰੀ ਕੋਰੀਆ ਦੇ ਸਾਬਕਾ ਸੀ. ਆਈ. ਏ. ਡਿਪਟੀ ਡਵਿਜ਼ਨ ਮੁਖੀ ਅਤੇ ਹੈਰੀਟੇਜ ਫਾਊਂਡੇਸ਼ਨ ਦੇ ਸੀਨੀਅਰ ਰੀਸਰਚ ਫੈਲੋ ਬਰੂਸ ਕਲਿੰਗਰ ਦਾ ਕਹਿਣਾ ਹੈ ਕਿ ਕਿਮ ਦੀ ਸਿਹਤ ਨੂੰ ਲੈ ਕੇ ਪਹਿਲਾਂ ਵੀ ਲੋਕਾਂ ਨੇ ਕਈ ਝੂਠੀਆਂ ਖਬਰਾਂ ਫੈਲਾਈਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਗੱਲ ਦਾ ਵੀ ਜਵਾਬ ਦਿੱਤਾ ਜਾਵੇਗਾ ਕਿ ਕਿਮ 15 ਅਪ੍ਰੈਲ ਦੇ ਰਾਸ਼ਟਰੀ ਸਮਾਗਮ ਵਿਚ ਗੈਰ ਹਾਜ਼ਰ ਕਿਉਂ ਰਹੇ ਸਨ।ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਕਿਮ ਤੇ ਉਨ੍ਹਾਂ ਦੇ ਪਿਤਾ ਦੀ ਸਿਹਤ ਨੂੰ ਲੈ ਕੇ ਲੋਕ ਝੂਠੀਆਂ ਅਫਵਾਹਾਂ ਫੈਲਾਉਂਦੇ ਰਹੇ ਹਨ। 
 


Lalita Mam

Content Editor

Related News