Covid-19 : ਅਮਰੀਕਾ ‘ਚ ਟੁੱਟਾ ਰਿਕਾਰਡ, ਇਕ ਲੱਖ ਤੋਂ ਪਾਰ ਹੋਈ ਪੀੜਤਾਂ ਦੀ ਗਿਣਤੀ

03/28/2020 7:53:01 AM

ਵਾਸ਼ਿੰਗਟਨ : ਸ਼ੁੱਕਰਵਾਰ ਨੂੰ ਅਮਰੀਕਾ ਪਹਿਲਾ ਅਜਿਹਾ ਦੇਸ਼ ਬਣ ਗਿਆ, ਜਿੱਥੇ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਇਕ ਲੱਖ ਤੋਂ ਵੀ ਵਧ ਹੋ ਗਈ ਹੈ। ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਜਾਂਚ ਲਈ ਹੋਰ ਵੀ ਤੇਜ਼ੀ ਨਾਲ ਟੈਸਟ ਕੀਤੇ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਸਥਾਨਕ ਸਮੇਂ ਸ਼ੁੱਕਰਵਾਰ ਸ਼ਾਮ 6 ਵਜੇ ਪੀੜਤਾਂ ਦੀ ਗਿਣਤੀ ਇਕ ਲੱਖ ਦੇ ਪਾਰ ਹੋ ਗਈ ਜੋ ਬੀਤੇ ਦਿਨ 83 ਹਜ਼ਾਰ ਰਿਕਾਰਡ ਕੀਤੀ ਗਈ ਸੀ।

ਜੋਹਨਸ ਹੋਪਿੰਕਸ ਯੂਨੀਵਰਸਿਟੀ ਮੁਤਾਬਕ ਇਸ ਸਮੇਂ ਅਮਰੀਕਾ ਵਿਚ 104,007 ਲੋਕ ਕੋਰੋਨਾ ਨਾਲ ਪੀੜਤ ਹਨ, ਜੋ ਵਿਸ਼ਵ ਦੇ ਕਿਸੇ ਵੀ ਦੇਸ਼ ਵਿਚ ਸਭ ਤੋਂ ਵੱਧ ਗਿਣਤੀ ਹੈ। ਉੱਥੇ ਹੀ ਇਟਲੀ ਵਿਚ ਪੀੜਤਾਂ ਦੀ ਗਿਣਤੀ 86,498, ਚੀਨ ਵਿਚ 81,905, ਸਪੇਨ ਵਿਚ 65,719, ਜਰਮਨੀ ਵਿਚ 50,871 ,ਫਰਾਂਸ ਵਿਚ 33,402 ਅਤੇ ਆਸਟ੍ਰੇਲੀਆ ਵਿਚ 3,143 ਹੋ ਚੁੱਕੀ ਹੈ। ਦੁਨੀਆ ਭਰ ਵਿਚ ਹੁਣ ਤਕ 5,95000 ਲੋਕ ਕੋਰੋਨਾ ਪੀੜਤ ਹਨ। 

ਅਮਰੀਕਾ ਵਿਚ 29 ਫਰਵਰੀ ਤੋਂ ਹੁਣ ਤਕ 1,544 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਇਟਲੀ ਵਿਚ ਇਕ ਦਿਨ ਵਿਚ ਇਕ ਹਜ਼ਾਰ ਲੋਕਾਂ ਦੀ ਮੌਤ ਹੋਣ ਨਾਲ ਇੱਥੇ ਮਿ੍ਰਤਕਾਂ ਦੀ ਗਿਣਤੀ 9,134 ਹੋ ਚੁੱਕੀ ਹੈ। ਇਟਲੀ ਵਿਚ ਪਹਿਲੀ ਵਾਰ ਇਕੋ ਦਿਨ ਇੰਨੀ ਵੱਡੀ ਗਿਣਤੀ ਵਿਚ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਦੇ ਇਲਾਵਾ ਸਪੇਨ ਵਿਚ 5,138, ਚੀਨ ਵਿਚ 3,174. ਈਰਾਨ ਵਿਚ 2,378, ਫਰਾਂਸ ਵਿਚ 1995 ਮੌਤਾਂ ਹੋਈਆਂ ਹਨ। 

ਵਿਸ਼ਵ ਭਰ ਵਿਚ ਇਕ ਲੱਖ ਲੋਕ ਕੋਰੋਨਾ ਦੀ ਜੰਗ ਜਿੱਤ ਚੁੱਕੇ ਹਨ ਪਰ ਇਨ੍ਹਾਂ ਵਿਚੋਂ ਕੁਝ ਲੋਕ ਮੁੜ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਕੋਵਿਡ-19 ਤੋਂ ਬਚਣ ਲਈ ਅਜੇ ਤਕ ਕੋਈ ਦਵਾਈ ਨਹੀਂ ਬਣੀ ਹੈ ਪਰ ਹਰ ਦੇਸ਼ ਇਸ ਦਾ ਇਲਾਜ ਕੱਢਣ ਲਈ ਕੋਸ਼ਿਸ਼ਾਂ ਵਿਚ ਲੱਗਾ ਹੋਇਆ ਹੈ। 


Lalita Mam

Content Editor

Related News