ਅਮਰੀਕਾ : ਤਿੱਬਤ ਜਾਣ ਤੋਂ ਰੋਕਣ ਵਾਲੇ ਚੀਨੀ ਅਧਿਕਾਰੀਆਂ ਨੂੰ ਨਹੀਂ ਮਿਲੇਗਾ ਵੀਜ਼ਾ

Wednesday, Sep 26, 2018 - 12:48 PM (IST)

ਅਮਰੀਕਾ : ਤਿੱਬਤ ਜਾਣ ਤੋਂ ਰੋਕਣ ਵਾਲੇ ਚੀਨੀ ਅਧਿਕਾਰੀਆਂ ਨੂੰ ਨਹੀਂ ਮਿਲੇਗਾ ਵੀਜ਼ਾ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਕਾਂਗਰਸ ਨੇ ਇਕ ਖਾਸ ਬਿੱਲ ਪਾਸ ਕੀਤਾ ਹੈ, ਜਿਸ ਵਿਚ ਚੀਨ ਦੇ ਉਨ੍ਹਾਂ ਅਧਿਕਾਰੀਆਂ 'ਤੇ ਵੀਜ਼ਾ ਪਾਬੰਦੀ ਲਗਾਉਣ ਦਾ ਪ੍ਰਸਤਾਵ ਹੈ ਜੋ ਅਮਰੀਕੀ ਨਾਗਰਿਕਾਂ, ਸਰਕਾਰੀ ਅਧਿਕਾਰੀਆਂ ਅਤੇ ਪੱਤਰਕਾਰਾਂ ਨੂੰ ਤਿੱਬਤ ਨਹੀਂ ਜਾਣ ਦਿੰਦੇ। ਇਹ ਬਿੱਲ ਸਰਬ ਸੰਮਤੀ ਨਾਲ ਅਜਿਹੇ ਸਮੇਂ ਵਿਚ ਪਾਸ ਕੀਤਾ ਗਿਆ ਹੈ ਜਦੋਂ ਟਰੰਪ ਪ੍ਰਸ਼ਾਸਨ ਚੀਨ 'ਤੇ ਵੱਡਾ ਵਪਾਰਕ ਦਰਾਮਦ ਟੈਕਸ ਲਗਾ ਰਿਹਾ ਹੈ ਜਿਸ ਨਾਲ ਚੀਨ ਦੀ ਅਰਥਵਿਵਸਥਾ 'ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। 

ਅਮਰੀਕੀ ਪ੍ਰਤੀਨਿਧੀ ਸਭਾ ਵਿਚ ਮੰਗਲਵਾਰ ਨੂੰ ''ਰੈਸੀਪ੍ਰੋਕਲ ਐਕਸੈਸ ਟੂ ਤਿੱਬਤ ਐਕਟ'' ਪਾਸ ਕੀਤਾ ਗਿਆ, ਜਿਸ ਵਿਚ ਯਕੀਨੀ ਕਰਨ ਦੀ ਮੰਗ ਕੀਤੀ ਗਈ ਹੈ ਕਿ ਅਮਰੀਕੀ ਨਾਗਰਿਕਾਂ ਨੂੰ ਵੀ ਤਿੱਬਤ ਵਿਚ ਉਸੇ ਤਰ੍ਹਾਂ ਜਾਣ ਦਿੱਤਾ ਜਾਵੇ ਜਿਵੇਂ ਕਿ ਅਮਰੀਕਾ ਵਿਚ ਚੀਨੀ ਨਾਗਰਿਕ ਜਾਂਦੇ ਹਨ। ਭਾਰਤੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਸਦਨ ਵਿਚ ਕਿਹਾ,''ਦੀ ਰੈਸੀਪ੍ਰੋਕਲ ਐਕਸੈਸ ਟੂ ਦੀ ਤਿੱਬਤ ਐਕਟ, ਨਿਰਪੱਖਤਾ, ਮਨੁੱਖੀ ਅਧਿਕਾਰਾਂ ਅਤੇ ਸਾਵਧਾਨੀ ਵਾਲੀ ਅਮਰੀਕੀ ਕੂਟਨੀਤੀ ਦੇ ਬਾਰੇ ਵਿਚ ਹੈ। ਲੰਬੇ ਸਮੇਂ ਤੋਂ ਚੀਨ ਨੇ ਤਿੱਬਤ ਵਿਚ ਜਾਣ 'ਤੇ ਪਾਬੰਦੀ ਲਗਾਈ ਹੋਈ ਹੈ। ਪੱਤਰਕਾਰਾਂ ਨੂੰ ਤਿੱਬਤ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਰਿਪੋਟਿੰਗ ਕਰਨ ਅਤੇ ਤਿੱਬਤੀ ਅਮਰੀਕੀਆਂ ਨੂੰ ਉਨ੍ਹਾਂ ਦੇ ਦੇਸ਼ ਵਿਚ ਜਾਣ ਤੋਂ ਰੋਕ ਕੇ ਰੱਖਿਆ ਗਿਆ ਹੈ।'' 

ਉਨ੍ਹਾਂ ਨੇ ਕਿਹਾ ਕਿ ਇਹ ਬਿੱਲ ਇਸ ਵਿਚਾਰ 'ਤੇ ਆਧਾਰਿਤ ਹੈ ਕਿ ਕੂਟਨੀਤੀ ਦੇ ਕਾਨੂੰਨ ਦੇ ਤਹਿਤ ਤੁਸੀਂ ਜਿਸ ਤਰ੍ਹਾਂ ਦਾ ਵਿਵਹਾਰ ਕਰੋਗੇ ਉਸ ਦੇ ਬਦਲੇ ਵਿਚ ਉਸ ਤਰ੍ਹਾਂ ਦਾ ਹੀ ਵਿਵਹਾਰ ਕੀਤਾ ਜਾਵੇਗਾ। ਜੇ ਚੀਨੀ ਅਧਿਕਾਰੀਆਂ, ਪੱਤਰਕਾਰਾਂ ਅਤੇ ਹੋਰ ਨਾਗਰਿਕਾਂ ਨੂੰ ਅਮਰੀਕਾ ਵਿਚ ਆਜ਼ਾਦੀ ਨਾਲ ਯਾਤਰਾ ਕਰਨ ਦੀ ਇਜਾਜ਼ਤ ਹੈ ਤਾਂ ਅਮਰੀਕੀ ਨਾਗਰਿਕਾਂ ਨੁੰ ਵੀ ਅਜਿਹੀ ਹੀ ਇਜਾਜ਼ਤ ਮਿਲੇ। ਬਿੱਲ ਦੇ ਮੁਖ ਲੇਖਕ ਕਾਂਗਰਸ ਮੈਂਬਰ ਜਿਮ ਮੈਕਗਵਰਨ ਨੇ ਕਿਹਾ,''ਇਸ ਬਿੱਲ ਵਿਚ ਤਿੱਬਤ ਦੇ ਇਲਾਕਿਆਂ ਵਿਚ ਯਾਤਰਾ ਕਰਨ ਤੋਂ ਰੋਕਣ ਵਾਲੇ ਚੀਨੀ ਅਧਿਕਾਰੀ ਅਮਰੀਕਾ ਵਿਚ ਰਹਿਣ ਜਾਂ ਵੀਜ਼ਾ ਹਾਸਲ ਕਰਨ ਦੇ ਅਯੋਗ ਹੋ ਜਾਣਗੇ।''


Related News