ਮਾਰਕੋ ਰੂਬੀਓ ਨੇ ਅਮਰੀਕੀ ਵਿਦੇਸ਼ ਮੰਤਰੀ ਵਜੋਂ ਸਹੁੰ ਚੁੱਕੀ, ਐੱਸ ਜੈਸ਼ੰਕਰ ਨਾਲ ਕਰਨਗੇ ਮੁਲਾਕਾਤ
Tuesday, Jan 21, 2025 - 10:05 PM (IST)

ਵਾਸ਼ਿੰਗਟਨ (ਏਪੀ) : ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਮੰਗਲਵਾਰ ਨੂੰ ਮਾਰਕੋ ਰੂਬੀਓ ਨੂੰ ਵਿਦੇਸ਼ ਮੰਤਰੀ ਵਜੋਂ ਸਹੁੰ ਚੁਕਾਈ। ਉਹ ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੇ ਟਰੰਪ ਕੈਬਨਿਟ ਦੇ ਪਹਿਲੇ ਨਾਮਜ਼ਦ ਮੈਂਬਰ ਹਨ। ਰੂਬੀਓ ਨੇ ਕਿਹਾ ਕਿ ਟਰੰਪ ਦੀ ਪਹਿਲੀ ਤਰਜੀਹ ਅਮਰੀਕਾ ਦੇ ਹਿੱਤਾਂ ਨੂੰ ਅੱਗੇ ਵਧਾਉਣਾ ਹੋਵੇਗੀ ਅਤੇ ਸਰਕਾਰ ਅਤੇ ਵਿਦੇਸ਼ ਵਿਭਾਗ ਵੱਲੋਂ ਚੁੱਕੇ ਗਏ ਕੋਈ ਵੀ ਕਦਮ ਦੇਸ਼ ਨੂੰ ਮਜ਼ਬੂਤ, ਸੁਰੱਖਿਅਤ ਅਤੇ ਵਧੇਰੇ ਖੁਸ਼ਹਾਲ ਬਣਾਉਣਾ ਹੋਵੇਗਾ।
ਅੱਜ ਜੈਸ਼ੰਕਰ ਨਾਲ ਪਹਿਲੀ ਦੁਵੱਲੀ ਮੀਟਿੰਗ ਕਰਨਗੇ ਰੂਬੀਓ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਮੰਗਲਵਾਰ ਨੂੰ ਆਪਣੇ ਅਮਰੀਕੀ ਹਮਰੁਤਬਾ ਮਾਰਕੋ ਰੂਬੀਓ ਨਾਲ ਆਪਣੀ ਪਹਿਲੀ ਦੁਵੱਲੀ ਮੀਟਿੰਗ ਕਰਨਗੇ। ਜੈਸ਼ੰਕਰ ਇਸ ਸਮੇਂ ਵਾਸ਼ਿੰਗਟਨ ਦੇ ਦੌਰੇ 'ਤੇ ਹਨ, ਜਿੱਥੇ ਉਹ ਰਿਪਬਲਿਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਹਨ। ਟਰੰਪ ਨੇ ਸੋਮਵਾਰ ਨੂੰ 47ਵੇਂ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।
ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ, ਸਕੱਤਰ ਰੂਬੀਓ ਮੰਤਰਾਲੇ ਵਿੱਚ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਮੁਲਾਕਾਤ ਕਰਨਗੇ ਅਤੇ ਇਹ ਮੁਲਾਕਾਤ ਰੂਬੀਓ ਦੇ ਵਿਦੇਸ਼ ਮੰਤਰੀ ਵਜੋਂ ਪਹਿਲੇ ਦਿਨ ਦੇ ਸ਼ਡਿਊਲ 'ਚ ਸ਼ਾਮਲ ਹੈ।