ਪਹਿਲੀ ਵਾਰ ਇਕ ਔਰਤ ਕਰੇਗੀ ਅਮਰੀਕੀ ਫੌਜ ਨੂੰ ਕਮਾਂਡ
Wednesday, Oct 17, 2018 - 12:20 PM (IST)

ਵਾਸ਼ਿੰਗਟਨ (ਬਿਊਰੋ)— ਲੈਫਟੀਨੈਂਟ ਜਨਰਲ ਲਾਰਾ ਜੇ ਰਿਚਰਡਸਨ ਅਮਰੀਕੀ ਫੌਜ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਹੈ ਜਿਸ ਨੂੰ ਕਿਸੇ ਕਮਾਂਡ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਲੇ. ਜਨ. ਰਿਚਰਡਸਨ ਨੂੰ ਯੂ.ਐੱਸ. ਆਰਮੀ ਫੋਰਸਿਜ਼ ਕਮਾਂਡ ਜਾਂ ਫੌਰਸਕੌਮ (FORSCOM) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਅਮਰੀਕੀ ਫੌਜ ਦੀ ਸਭ ਤੋਂ ਵੱਡੀ ਕਮਾਂਡ ਹੈ, ਜਿਸ ਵਿਚ 776,600 ਫੌਜੀ ਅਤੇ 96,000 ਨੀਮ ਫੌਜੀ ਹਨ। ਇਸ ਜ਼ਿੰਮੇਵਾਰੀ ਦੇ ਨਾਲ ਹੀ ਲਾਰਾ ਨੇ ਇਕ ਰਿਕਾਰਡ ਬਣਾਇਆ ਹੈ।
ਲਾਰਾ ਸਾਲ 1986 ਤੋਂ ਅਮਰੀਕੀ ਫੌਜ ਦੇ ਨਾਲ ਹੈ ਅਤੇ ਸਾਲ 2012 ਵਿਚ ਉਹ ਪਹਿਲੀ ਮਹਿਲਾ ਡਿਪਟੀ ਕਮਾਂਡਿੰਗ ਜਨਰਲ ਬਣੀ ਸੀ। ਉਨ੍ਹਾਂ ਨੂੰ ਉਸ ਸਮੇਂ ਅਮਰੀਕੀ ਫੌਜ ਦੀ ਕੈਵੇਲਰੀ ਡਿਵੀਜਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਨੂੰ 'ਅਮੇਰਿਕਾਜ਼ ਫਸਟ ਟੀਮ' (America's First Team) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਾਲ 2017 ਵਿਚ ਉਹ ਜਨਰਲ ਰੌਬਰਟ ਬੀ. ਅਬਰਾਹਮਸ ਦੀ ਕਮਾਂਡ ਵਿਚ ਦੂਜੀ ਪੌਜੀਸ਼ਨ 'ਤੇ ਸੀ ਜਦੋਂ ਉਸ ਨੂੰ ਉੱਤਰੀ ਕੈਰੋਲੀਨਾ ਦੀ ਫੋਰਟ ਬ੍ਰੈਗ ਸਥਿਤ ਫੌਰਸਕੌਮ ਵਿਚ ਡਿਪਟੀ ਜਨਰਲ ਦਾ ਅਹੁਦਾ ਦਿੱਤਾ ਗਿਆ ਸੀ। ਹੁਣ ਅਬਰਾਹਮਸ ਦੇ ਜਾਣ ਦੇ ਬਾਅਦ ਰਿਚਰਡਸਨ ਇਸੇ ਕਮਾਂਡ ਦੀ ਜ਼ਿੰਮੇਵਾਰੀ ਸੰਭਾਲੇਗੀ। ਆਪਣੇ ਕਰੀਅਰ ਵਿਚ ਰਿਚਰਡਸਨ ਨੇ ਇਕ ਆਰਮੀ ਪਾਇਲਟ ਦੇ ਇਲਾਵਾ ਉਪ ਰਾਸ਼ਟਰਪਤੀ ਦੀ ਮਿਲਟਰੀ ਸਹਾਇਕ ਦੀ ਭੂਮਿਕਾ ਵੀ ਨਿਭਾਈ ਹੈ।