ਅਮਰੀਕਾ ਅਤੇ ਈਰਾਨ 60 ਦਿਨਾਂ ਦੀ ਜੰਗਬੰਦੀ ’ਤੇ ਸਹਿਮਤ
Friday, May 29, 2026 - 03:34 AM (IST)
ਤਹਿਰਾਨ - ਅਮਰੀਕੀ ਮਿਲਟਰੀ ਸਟ੍ਰਾਈਕ ਤੋਂ ਬਾਅਦ ਈਰਾਨ ਨੇ ਅਮਰੀਕੀ ਟਿਕਾਣਿਆਂ ’ਤੇ ਜਵਾਬੀ ਹਮਲੇ ਕੀਤੇ ਹਨ। ਈਰਾਨ ਨੇ ਦੱਸਿਆ ਕਿ ਰੈਵੋਲਿਊਸ਼ਨਰੀ ਗਾਰਡ ਨੇ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਹੈ। ਈਰਾਨੀ ਫ਼ੌਜ ਨੇ ਕਿਹਾ ਕਿ ਇਹ ਹਮਲਾ ਪੋਰਟ ਸਿਟੀ (ਬੰਦਰਗਾਹ ਸ਼ਹਿਰ) ਬੰਦਰ ਅੱਬਾਸ ਨੇੜੇ ਵੀਰਵਾਰ ਤੜਕੇ ਹੋਏ ਹਵਾਈ ਹਮਲੇ ਦੇ ਜਵਾਬ ਵਿਚ ਕੀਤਾ ਗਿਆ ਹੈ।
ਕੁਵੈਤ ਦੀ ਫ਼ੌਜ ਨੇ ਐਲਾਨ ਕੀਤਾ ਕਿ ਉਸ ਦਾ ਏਅਰ ਡਿਫੈਂਸ ਸਿਸਟਮ ਦੇਸ਼ ਦੇ ਹਵਾਈ ਖੇਤਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੁਸ਼ਮਣ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਨਾਕਾਮ ਕਰਨ ਵਿਚ ਜੁਟਿਆ ਹੋਇਆ ਹੈ। ਹਾਲਾਂਕਿ ਫ਼ੌਜ ਨੇ ਇਹ ਦੱਸਣ ਤੋਂ ਗੁਰੇਜ਼ ਕੀਤਾ ਕਿ ਇਹ ਹਮਲੇ ਕਿਥੋਂ ਕੀਤੇ ਜਾ ਰਹੇ ਹਨ।
ਦੂਜੇ ਪਾਸੇ ਅਮਰੀਕਾ ਨੇ ਈਰਾਨ ਦੇ 5 ਡਰੋਨਾਂ ਨੂੰ ਤਬਾਹ ਕਰ ਦਿੱਤਾ ਹੈ। ਇਸੇ ਦੌਰਾਨ ਅਮਰੀਕਾ ਅਤੇ ਈਰਾਨ 60 ਦਿਨਾਂ ਦੇ ਜੰਗਬੰਦੀ ਸਮਝੌਤੇ ’ਤੇ ਸਹਿਮਤ ਹੋ ਗਏ ਹਨ। ਹੁਣ ਸਿਰਫ਼ ਟਰੰਪ ਦੀ ਅੰਤਿਮ ਮਨਜ਼ੂਰੀ ਬਾਕੀ ਹੈ। ਦੋਵਾਂ ਦੇਸ਼ਾਂ ਵਿਚਾਲੇ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ (ਐੱਮ. ਓ. ਯੂ.) ’ਤੇ ਸਹਿਮਤੀ ਬਣ ਗਈ ਹੈ। ਇਸ ਦੇ ਨਾਲ ਹੀ ਈਰਾਨ ਨੂੰ 30 ਦਿਨਾਂ ਦੇ ਅੰਦਰ ਸਮੁੰਦਰੀ ਮਾਈਨਾਂ ਹਟਾਉਣੀਆਂ ਪੈਣਗੀਆਂ ਅਤੇ ਜਹਾਜ਼ਾਂ ਤੋਂ ਕੋਈ ਟੋਲ ਨਹੀਂ ਲਿਆ ਜਾਵੇਗਾ।
