ਅਮਰੀਕਾ ''ਚ 24 ਘੰਟੇ ''ਚ 1883 ਲੋਕਾਂ ਦੀ ਮੌਤ, 11 ਲੱਖ ਤੋਂ ਵਧੇਰੇ ਇਨਫੈਕਟਿਡ

Saturday, May 02, 2020 - 05:57 PM (IST)

ਅਮਰੀਕਾ ''ਚ 24 ਘੰਟੇ ''ਚ 1883 ਲੋਕਾਂ ਦੀ ਮੌਤ, 11 ਲੱਖ ਤੋਂ ਵਧੇਰੇ ਇਨਫੈਕਟਿਡ

ਵਾਸ਼ਿੰਗਟਨ (ਬਿਊਰੋ): ਕੌਵਿਡ-19 ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਇਹ ਵਾਇਰਸ 212 ਦੇਸ਼ਾਂ ਵਿਚ ਫੈਲਿਆ ਹੋਇਆ ਹੈ। ਅਮਰੀਕਾ, ਫਰਾਂਸ, ਇਟਲੀ, ਸਪੇਨ, ਬ੍ਰਿਟੇਨ, ਜਾਪਾਨ, ਭਾਰਤ ਸਮੇਤ ਕਈ ਦੇਸ਼ਾਂ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਊਨ ਲਗਾਇਆ ਹੋਇਆ ਹੈ। ਇਹਨਾਂ ਸਾਰੇ ਦੇਸ਼ਾਂ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 39 ਹਜ਼ਾਰ ਤੋਂ ਵਧੇਰੇ ਹੋ ਗਈ ਹੈ ਜਦਕਿ ਇਨਫੈਕਟਿਡਾਂ ਦੀ ਗਿਣਤੀ 34 ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਚੰਗੀ ਗੱਲ ਇਹ ਵੀ ਹੈ ਕਿ 10 ਲੱਖ ਤੋਂ ਵਧੇਰੇ ਲੋਕ ਠੀਕ ਵੀ ਹੋਏ ਹਨ। ਇਸ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਵਿਚ ਮੌਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ।

ਅਮਰੀਕਾ 'ਚ 24 ਘੰਟੇ 'ਚ 1883 ਮੌਤਾਂ
ਅਮਰੀਕਾ ਵਿਚ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਾਨ ਹਾਪਕਿਨਜ਼ ਦੇ ਅੰਕੜਿਆਂ ਦੇ ਮੁਤਾਬਕ ਇੱਥੇ ਪਿਛਲੇ 24 ਘੰਟਿਆਂ ਵਿਚ 1883 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 65 ਹਜ਼ਾਰ ਤੋਂ ਵਧੇਰੇ ਹੋ ਗਿਆ ਹੈ। ਅਮਰੀਕਾ ਵਿਚ 11 ਲੱਖ 31 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹਨ।

ਕੋਰੋਨਾ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਰੇਮਡਿਸਿਵਿਰ ਦਵਾਈ
ਸਮਾਚਾਰ ਏਜੰਸੀ ਏ.ਐੱਫ.ਪੀ. ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਵਾਲੇ ਨਾਲ ਦੱਸਿਆ ਹੈ ਕਿ ਉਹਨਾਂ ਨੇ ਅਮਰੀਕਾ ਵਿਚ ਗਿਲਿਯਡ ਦੀ ਰੇਮਡਿਸਿਵਿਰ ਦਵਾਈ ਨੂੰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਵਰਤਣ ਦੀ ਮਨਜ਼ੂਰੀ ਦੇ ਦਿੱਤੀ ਹੈ।

 

ਸਿੰਗਾਪੁਰ 'ਚ 932 ਨਵੇਂ ਮਾਮਲੇ    
ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਿੰਗਾਪੁਰ ਵਿਚ ਇਨਫੈਕਸ਼ਨ ਦੇ 932 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਕ ਦੀ ਮੌਤ ਹੋਈ ਹੈ। ਇਹ ਨਵੇਂ ਮਾਮਲੇ ਜ਼ਿਆਦਾਤਰ ਵਿਦੇਸ਼ੀ ਲੋਕਾਂ ਦੇ ਹਨ। ਉੱਥੇ ਕੁਝ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਸਿੰਗਾਪੁਰ ਵਿਚ ਕੋਵਿਡ-19 ਮਰੀਜ਼ਾਂ ਦੀ ਕੁੱਲ ਗਿਣਤੀ 17,101 ਹੋ ਗਈ ਹੈ।

ਬ੍ਰਿਟੇਨ 'ਚ ਮ੍ਰਿਤਕਾਂ ਦਾ ਅੰਕੜਾ 27 ਹਜ਼ਾਰ ਦੇ ਪਾਰ
ਬ੍ਰਿਟੇਨ ਵਿਚ ਵੀ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ। ਸ਼ੁੱਕਰਵਾਰ ਨੂੰ 739 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 27,510 ਹੋ ਗਈ। ਸਿਹਤ ਮੰਤਰੀ ਨੇ ਇਹ ਜਾਣਕਾਰੀ ਦਿੱਤੀ।

ਰੂਸ 'ਚ 8000 ਨਵੇਂ ਮਾਮਲੇ
ਸ਼ੁੱਕਰਵਾਰ ਨੂੰ ਰੂਸ ਵਿਚ ਕੋਰੋਨਾ ਇਨਫੈਕਸ਼ਨ ਦੇ ਕਰੀਬ 8000 ਨਵੇਂ ਮਾਮਲੇ ਸਾਹਮਣੇ ਆਏ ਜਿਸ ਦੇ ਬਾਅਦ ਦੇਸ਼ ਵਿਚ ਕੁੱਲ ਮਾਮਲੇ ਵੱਧ ਕੇ 1,14,431 ਹੋ ਗਏ ਹਨ। ਇੱਥੇ ਇਕ ਦਿਨ ਵਿਚ ਸਭ ਤੋਂ ਵੱਧ 7,933 ਮਾਮਲੇ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਮਿਖਾਈਲ ਮਿਸ਼ੁਸਤੀਨ ਵੀ ਇਨਫੈਕਟਿਡ ਹੋ ਗਏ ਹਨ। ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 1,169 ਹੋ ਚੁੱਕੀ ਹੈ। ਪੀ.ਐੱਮ. ਨਰਿੰਦਰ ਮੋਦੀ ਨੇ ਮਿਸ਼ੁਸਤੀਨ ਦੇ ਜਲਦੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕੀਤੀ ਹੈ।


author

Vandana

Content Editor

Related News