ਯੂਕ੍ਰੇਨੀ ਨਨਜ਼ ਦੀ ਦਰਿਆਦਿਲੀ, ਵਿਸਥਾਪਿਤ ਲੋਕਾਂ ਲਈ ਖੋਲ੍ਹੇ ਮੱਠ ਦੇ ਦਰਵਾਜ਼ੇ

Monday, Apr 11, 2022 - 06:00 PM (IST)

ਯੂਕ੍ਰੇਨੀ ਨਨਜ਼ ਦੀ ਦਰਿਆਦਿਲੀ, ਵਿਸਥਾਪਿਤ ਲੋਕਾਂ ਲਈ ਖੋਲ੍ਹੇ ਮੱਠ ਦੇ ਦਰਵਾਜ਼ੇ

ਹੋਸ਼ਿਵ (ਏ.ਪੀ.): ਕਾਰਪੈਥੀਅਨ ਪਹਾੜਾਂ ਦੇ ਪੁਰਾਣੇ ਬੀਚ ਜੰਗਲਾਂ ਦੇ ਹੇਠਾਂ, ਪੱਛਮੀ ਯੂਕ੍ਰੇਨ ਦੇ ਹੋਸ਼ਿਵ ਪਿੰਡ ਵਿੱਚ ਇੱਕ ਸ਼ਾਂਤ ਮੱਠ ਇਨ੍ਹੀਂ ਦਿਨੀਂ ਇੱਕ ਦਰਜਨ ਬੱਚਿਆਂ ਲਈ ਇੱਕ ਵਿਸ਼ਾਲ ਖੇਡ ਦੇ ਮੈਦਾਨ ਵਿੱਚ ਬਦਲ ਗਿਆ ਹੈ ਜੋ ਯੁੱਧ ਕਾਰਨ ਆਪਣੇ ਪਰਿਵਾਰਾਂ ਸਮੇਤ ਵਿਸਥਾਪਿਤ ਹੋ ਗਏ ਹਨ। ਲਵੀਵ ਤੋਂ 100 ਕਿਲੋਮੀਟਰ ਦੂਰ 'ਸਿਸਟਰਜ਼ ਆਫ ਦਿ ਹੋਲੀ ਫੈਮਿਲੀ' ਦੇ ਗ੍ਰੀਕ ਕੈਥੋਲਿਕ ਕੌਨਗ੍ਰੇਸ਼ਨ ਵਿਚ ਨਨਜ਼ ਨੇ ਪੂਰਬੀ ਅਤੇ ਮੱਧ ਯੂਕ੍ਰੇਨ ਵਿੱਚ ਰੂਸੀ ਜੰਗ ਕਾਰਨ ਵਿਸਥਾਪਿਤ ਲਗਭਗ 40 ਲੋਕਾਂ ਨੂੰ ਪਨਾਹ ਦਿੱਤੀ ਹੈ। 

ਖਾਰਕੀਵ ਤੋਂ ਇੱਥੇ ਪਹੁੰਚੀ 59 ਸਾਲਾ ਰਿਆਮਾ ਸਟ੍ਰਿਜ਼ਕੋ ਲਈ ਪੰਛੀਆਂ ਦੀ ਆਵਾਜ਼ ਅਤੇ ਪ੍ਰਾਰਥਨਾਵਾਂ ਦੀ ਮਿੱਠੀ ਆਵਾਜ਼ ਰਾਹਤ ਦੇਣ ਵਾਲੀ ਗੱਲ ਹੈ। ਉਹ ਯਾਦ ਕਰਦੇ ਹੋਏ ਦੱਸਦੀ ਹੈ ਕਿ ਇੰਝ ਲੱਗਦਾ ਸੀ ਜਿਵੇਂ ਜਹਾਜ਼ ਘਰ ਦੇ ਵਿਚਕਾਰ ਉੱਡ ਰਹੇ ਸਨ ਅਤੇ ਤੁਸੀਂ ਬੰਬ ਧਮਾਕੇ ਦੀ ਆਵਾਜ਼ ਸੁਣ ਸਕਦੇ ਹੋ। ਉਹ ਦੱਸਦੀ ਹੈ ਕਿ ਰੋਟੀ ਅਤੇ ਦਵਾਈਆਂ ਲੈਣ ਲਈ ਬਾਹਰ ਜਾਣ ਸਮੇਂ ਉਸਨੂੰ ਅਕਸਰ ਕਾਰਾਂ ਦੇ ਪਿੱਛੇ ਲੁਕਣਾ ਪੈਂਦਾ ਸੀ। ਉਸ ਨੇ ਅੱਗੇ ਦੱਸਿਆ ਕਿ ਅਸੀਂ ਜੋ ਦੇਖਿਆ, ਉਸ ਦੇ ਬਾਅਦ ਮੱਠ ਇੱਕ ਸਵਰਗ ਹੈ। ਇੱਥੇ ਦੱਸ ਦਈਏ ਕਿ ਇਹ ਮੱਠ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਯੂਕ੍ਰੇਨ ਦੀ ਆਜ਼ਾਦੀ ਤੋਂ ਬਾਅਦ ਬਣਾਇਆ ਗਿਆ ਸੀ। ਜਦੋਂ ਇਹ ਇਲਾਕਾ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਤਾਂ ਪਿੰਡ ਦੇ ਪਿਛਲੇ ਮੱਠ ਨੂੰ ਕਮਿਊਨਿਸਟ ਅਧਿਕਾਰੀਆਂ ਦੁਆਰਾ ਬੰਦ ਕਰ ਦਿੱਤਾ ਗਿਆ ਸੀ ਅਤੇ ਨਨਜ਼ ਨੂੰ ਸਾਇਬੇਰੀਆ ਭੇਜ ਦਿੱਤਾ ਗਿਆ ਸੀ।  

ਪੜ੍ਹੋ ਇਹ ਅਹਿਮ ਖ਼ਬਰ-ਯੂਕੇ ਦਾ ਦਾਅਵਾ, ਯੂਕ੍ਰੇਨ 'ਚ ਰੂਸ ਕਰ ਸਕਦਾ ਹੈ 'ਫਾਸਫੋਰਸ ਹਥਿਆਰਾਂ' ਦੀ ਵਰਤੋਂ 

ਪ੍ਰਮੁੱਖ ਨਨ ਸਿਸਟਰ ਡੋਮਿਨਿਕਾ ਨੇ ਕਿਹਾ ਕਿ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਹੁਣ ਯੂਕ੍ਰੇਨ ਵਿੱਚ ਸ਼ਾਂਤੀ, ਸਾਡੇ ਸੈਨਿਕਾਂ, ਮਰਨ ਵਾਲੇ ਨਿਰਦੋਸ਼ ਲੋਕਾਂ ਅਤੇ ਕਤਲ ਕੀਤੇ ਗਏ ਲੋਕਾਂ ਲਈ ਕੇਂਦਰਿਤ ਹਨ। ਯੁੱਧ ਤੋਂ ਪਹਿਲਾਂ ਇੱਥੇ ਰਹਿ ਰਹੀਆਂ 17 ਨਨਜ਼ ਦਾ ਜੀਵਨ ਸ਼ਾਂਤੀਪੂਰਨ ਸੀ। ਆਪਣੇ ਧਾਰਮਿਕ ਫਰਜ਼ਾਂ ਅਤੇ ਚੈਰੀਟੇਬਲ ਕੰਮ ਤੋਂ ਇਲਾਵਾ ਉਹ ਮਸ਼ਰੂਮ ਉਗਾਉਂਦੀਆਂ ਸਨ, ਖੁਦ ਲਈ ਪਾਸਤਾ ਤਿਆਰ ਕਰਦੀਆਂ ਅਤੇ ਚੈਪਲ ਨੂੰ ਸਜਾਉਣ ਲਈ ਪੇਂਟ ਕਰਦੀਆਂ ਸਨ ਪਰ ਹੁਣ ਇੱਥੇ ਤਸਵੀਰ ਥੋੜ੍ਹੀ ਵੱਖਰੀ ਹੈ। ਹੁਣ ਉਹ ਛੋਟੇ ਬੱਚਿਆਂ ਦੇ ਪਿੱਛੇ ਭੱਜਦੀਆਂ ਹਨ, ਉਨ੍ਹਾਂ ਦੀਆਂ ਮਾਵਾਂ ਨੂੰ ਸਹਾਇਤਾ ਅਤੇ ਸਲਾਹ ਪ੍ਰਦਾਨ ਕਰਦੀਆਂ ਹਨ ਅਤੇ ਹਰ ਰੋਜ਼ ਦਰਜਨਾਂ ਮਹਿਮਾਨਾਂ ਲਈ ਖਾਣਾ ਬਣਾਉਂਦੀਆਂ ਹਨ। ਸਿਸਟਰ ਡੋਮਿਨਿਕਾ ਨੇ ਦੱਸਿਆ ਕਿ ਮੱਠ ਵਿੱਚ ਹਰ ਚੀਜ਼ ਪ੍ਰਾਰਥਨਾ ਅਤੇ ਵਿਵਸਥਾ 'ਤੇ ਕੇਂਦ੍ਰਿਤ ਹੈ ਪਰ ਜਦੋਂ ਰੂਸੀ ਹਮਲਾ ਸ਼ੁਰੂ ਹੋਇਆ, ਉਹਨਾਂ ਨੇ ਸਥਾਨਕ ਅਧਿਕਾਰੀਆਂ ਨੂੰ ਦੱਸਿਆ ਕਿ ਉਹ 50 ਵਿਸਥਾਪਿਤ ਲੋਕਾਂ ਦੀ ਮੇਜ਼ਬਾਨੀ ਕਰ ਸਕਦੇ ਹਨ। 

ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਲਈ ਪ੍ਰਾਰਥਨਾ ਅਤੇ ਕੰਮ ਦੀ ਸਮਾਂ-ਸਾਰਣੀ ਨੂੰ ਵਿਵਸਥਿਤ ਕੀਤਾ। ਉਹਨਾਂ ਨੇ ਦੱਸਿਆ ਕਿ ਕਈ ਬੱਚੇ ਜੋ ਹੁਣ ਹੱਸ ਰਹੇ ਹਨ ਅਤੇ ਨਨਜ਼ ਨੂੰ ਜੱਫੀ ਪਾ ਰਹੇ ਹਨ, ਉਹ ਜਦੋਂ ਇੱਥੇ ਆਏ ਸਨ ਤਾਂ ਬਹੁਤ ਡਰੇ ਹੋਏ ਅਤੇ ਸਦਮੇ ਵਿਚ ਸਨ। ਸਿਸਟਰ ਡੋਮਿਨਿਕਾ ਨੇ ਕਿਹਾ ਕਿ ਸ਼ੁਰੂਆਤ ਵਿੱਚ ਉਹ ਥੋੜ੍ਹੇ ਜਿਹੇ ਸੰਜੀਦਾ ਸਨ। ਇਹ ਉਨ੍ਹਾਂ ਲਈ ਨਵੀਂ ਜਗ੍ਹਾ ਹੈ। ਬੱਚੇ ਉਹਨਾਂ ਸ਼ਹਿਰਾਂ ਤੋਂ ਆਏ ਹਨ ਜਿੱਥੇ ਗੋਲੀਬਾਰੀ ਹੋ ਰਹੀ ਸੀ, ਜਿੱਥੇ ਹਵਾਈ ਹਮਲਿਆਂ ਨੂੰ ਲੈ ਕੇ ਸਾਇਰਨ ਲਗਾਤਾਰ ਵੱਜ ਰਹੇ ਹਨ ਪਰ ਇੰਨੇ ਸ਼ਾਂਤੀਪੂਰਨ ਮਾਹੌਲ ਵਿੱਚ ਵੀ ਨਨਜ਼ ਨੂੰ ਆਪਣੇ ਸਮਾਰਟਫ਼ੋਨਾਂ 'ਤੇ ਹਵਾਈ ਹਮਲੇ ਦੀਆਂ ਚੇਤਾਵਨੀਆਂ ਮਿਲਦੀਆਂ ਹਨ। ਉਹ ਮੱਠ ਦੀ ਘੰਟੀ ਵਜਾ ਕੇ ਬਾਕੀ ਨਿਵਾਸੀਆਂ ਨੂੰ ਚੇਤਾਵਨੀ ਦਿੰਦੀਆਂ ਹਨ। ਸ਼ਹਿਰਾਂ ਵਿੱਚ ਉੱਚੀ ਸਾਇਰਨ ਨਾਲੋਂ ਇੱਥੇ ਘੱਟ ਡਰਾਉਣੀ ਆਵਾਜ਼ ਹੈ ਅਤੇ ਨਨਜ਼ ਉਹਨਾਂ ਨੂੰ ਤਹਿਖਾਨੇ ਵਿੱਚ ਜਾਣ ਲਈ ਨਿਰਦੇਸ਼ਿਤ ਕਰਦੀਆਂ ਹਨ। ਇੱਥੇ ਬੇਸਮੈਂਟ ਵਿੱਚ ਹੋਣ ਦੇ ਬਾਵਜੂਦ, ਬੱਚੇ ਇੰਨੇ ਖ਼ੌਫ ਵਿਚ ਨਹੀਂ ਹੁੰਦੇ। ਆਪਣੀ ਮਾਂ ਨਾਲ ਮਾਰੀਉਪੋਲ ਤੋਂ ਇੱਥੇ ਪਹੁੰਚੇ 10 ਸਾਲ ਦੇ ਰੋਸਟੀਸਲਾਵ ਬੋਰੀਸੇਂਕੋ, ਨੇ ਕਿਹਾ ਕਿ ਅਸੀਂ ਖੇਡਦੇ ਹਾਂ, ਅਤੇ ਪ੍ਰਾਰਥਨਾਵਾਂ ਪੜ੍ਹਦੇ ਹਾਂ। ਇਹ ਮਦਦ ਕਰਦਾ ਹੈ।


author

Vandana

Content Editor

Related News