ਯੂਕੇ ਅਗਲੇ ਹਫ਼ਤੇ ਤੋਂ ਹਟਾ ਦੇਵੇਗਾ ਸਾਰੀਆਂ ਕੋਵਿਡ ਪਾਬੰਦੀਆਂ

Sunday, Feb 20, 2022 - 06:13 PM (IST)

ਯੂਕੇ ਅਗਲੇ ਹਫ਼ਤੇ ਤੋਂ ਹਟਾ ਦੇਵੇਗਾ ਸਾਰੀਆਂ ਕੋਵਿਡ ਪਾਬੰਦੀਆਂ

ਲੰਡਨ (ਭਾਸ਼ਾ) : ਬ੍ਰਿਟੇਨ ਦੀ ਸਰਕਾਰ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਲਈ ਅਗਲੇ ਹਫ਼ਤੇ ਤੋਂ ਖ਼ੁਦ ਨੂੰ ਇਕਾਂਤਵਾਸ ਵਿਚ ਰੱਖਣਾ ਕਾਨੂੰਨੀ ਜ਼ਰੂਰਤ ਨਹੀਂ ਹੋਵੇਗੀ। ਬ੍ਰਿਟੇਨ ਨੇ ਇਹ ਐਲਾਨ "ਕੋਵਿਡ ਨਾਲ ਰਹਿਣ" ਦੀ ਆਪਣੀ ਯੋਜਨਾ ਦੇ ਹਿੱਸੇ ਵਜੋਂ ਕੀਤਾ ਹੈ। ਕੋਰੋਨਾ ਵਾਇਰਸ ਦੀ ਜਾਂਚ ਵੀ ਘੱਟ ਹੋਣ ਦੀ ਸੰਭਾਵਨਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਗਾਈਆਂ ਗਈਆਂ ਸਾਰੀਆਂ ਕਾਨੂੰਨੀ ਪਾਬੰਦੀਆਂ ਨੂੰ ਖ਼ਤਮ ਕੀਤੇ ਜਾਣ ਨਾਲ ਬ੍ਰਿਟੇਨ ਦੇ ਲੋਕ ਆਪਣੀ ਆਜ਼ਾਦੀ ਨੂੰ ਸੀਮਤ ਕੀਤੇ ਬਿਨਾਂ ਆਪਣੀ ਰੱਖਿਆ" ਕਰ ਸਕਣਗੇ। 

ਹਾਲਾਂਕਿ, ਸਰਕਾਰ ਦੇ ਕੁਝ ਵਿਗਿਆਨਕ ਸਲਾਹਕਾਰਾਂ ਦਾ ਕਹਿਣਾ ਹੈ ਕਿ ਇਹ ਇਕ ਜੋਖਮ ਭਰਿਆ ਕਦਮ ਹੈ, ਜੋ ਲਾਗ ਨੂੰ ਤੇਜ਼ੀ ਨਾਲ ਫੈਲਾ ਸਕਦਾ ਹੈ ਅਤੇ ਭਵਿੱਖ ਵਿਚ ਆਉਣ ਵਾਲੇ ਵਾਇਰਸ ਦੇ ਹੋਰ ਰੂਪਾਂ ਦੇ ਵਿਰੁੱਧ ਦੇਸ਼ ਦੀ ਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰ ਸਕਦਾ ਹੈ। ਜਾਨਸਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨੇ ਜਨਵਰੀ ਵਿਚ ਜ਼ਿਆਦਾਤਰ ਪਾਬੰਦੀਆਂ ਹਟਾ ਦਿੱਤੀਆਂ ਸਨ। ਇੰਗਲੈਂਡ ਦੇ ਹਸਪਤਾਲਾਂ ਤੋਂ ਇਲਾਵਾ ਹੋਰ ਥਾਵਾਂ 'ਤੇ ਮਾਸਕ ਦੀ ਜ਼ਰੂਰਤ ਨੂੰ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ ਹੈ।

ਯੂਕੇ ਵਿਚ, 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ 85 ਫ਼ੀਸਦੀ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਹੁਣ ਕੋਵਿਡ-19 ਟੈਸਟ 'ਚ ਸੰਕਰਮਿਤ ਪਾਏ ਜਾਣ ਤੋਂ ਬਾਅਦ ਪੰਜ ਦਿਨਾਂ ਲਈ ਇਕਾਂਤਵਾਸ 'ਚ ਰਹਿਣ ਦੀ ਜ਼ਰੂਰਤ ਕਾਨੂੰਨੀ ਬੰਦਿਸ਼ ਨਹੀਂ ਹੋਵੇਗੀ। ਸਰਕਾਰ ਇਕਾਂਤਵਾਸ ਨੂੰ ਲੈ ਕੇ ਸਿਰਫ਼ ਸਲਾਹ ਜਾਰੀ ਕਰੇਗੀ ਅਤੇ ਕੋਰੋਨਾ ਵਾਇਰਸ ਨੂੰ ਹੁਣ ਫਲੂ ਵਾਂਗ ਮੰਨਿਆ ਜਾਵੇਗਾ।


author

cherry

Content Editor

Related News