ਕੋਵਿਡ-19 : ਪਾਕਿਸਤਾਨ ਦੀ ਸਹਾਇਤਾ ਲਈ ਬ੍ਰਿਟੇਨ ਦੇਵੇਗਾ 26.7 ਕਰੋੜ ਪਾਊਂਡ
Sunday, Apr 19, 2020 - 01:39 AM (IST)
ਇਸਲਾਮਾਬਾਦ-ਬ੍ਰਿਟੇਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਪਾਕਿਸਤਾਨ ਨੂੰ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ 26.7 ਕਰੋੜ ਪਾਊਂਡ ਦੀ ਸਹਾਇਤਾ ਦੇਵੇਗਾ। ਇਹ ਰਾਸ਼ੀ ਜ਼ਰੂਰੀ ਸਿਹਤ ਸੇਵਾਵਾਂ ਅਤੇ ਗਰੀਬਾਂ ਦੀ ਸਹਾਇਤਾ ਲਈ ਦਿੱਤੀ ਜਾਵੇਗੀ। ਇਸਲਾਮਾਬਾਦ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨ ਦੁਆਰਾ ਜਾਰੀ ਇਕ ਬਿਆਨ ਮੁਤਾਬਕ ਕੋਰੋਨਾ ਵਾਇਰਸ ਪ੍ਰਭਾਵ ਫੈਲਣ ਦੌਰਾਨ ਪਾਕਿਸਤਾਨ ਦੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਚੁੱਕੇ ਗਏ ਕਦਮਾਂ ਤਹਿਤ ਇਹ ਰਕਮ ਪਹਿਲੀ ਕਿਸ਼ਤ ਹੈ।
ਬਿਆਨ 'ਚ ਕਿਹਾ ਗਿਆ ਹੈ ਕਿ ਇਸ ਰਕਮ ਦੇ ਇਸਤੇਮਾਲ ਨਾਲ ਪਾਕਿਸਤਾਨ 'ਚ ਜ਼ਰੂਰੀ ਮੈਡੀਕਲ ਸੁਵਿਧਾਵਾਂ 'ਚ ਕਮੀ ਨਹੀਂ ਆਵੇਗੀ ਅਤੇ ਕੋਰੋਨਾ ਦੇ ਮਾਮਲੇ ਪਤਾ ਲਗਾਉਣ 'ਚ ਤੇਜ਼ੀ ਆਵੇਗੀ। ਬਿਆਨ ਮੁਤਾਬਕ ਇਹ ਰਾਸ਼ੀ ਪਾਕਿਸਤਾਨ ਦੇ 27 ਜ਼ਿਲਿਆਂ ਦੇ ਲੋਕਾਂ ਦੀ ਸਹਾਇਤਾ ਲਈ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪਾਕਿਸਤਾਨ 'ਚ 7600 ਤੋਂ ਵਧੇਰੇ ਲੋਕ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ ਜਿਨ੍ਹਾਂ 'ਚੋਂ 143 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1800 ਤੋਂ ਵਧੇਰੇ ਲੋਕ ਠੀਕ ਵੀ ਹੋ ਚੁੱਕੇ ਹਨ।