ਨਿਕੋਲਾ ਸਟਰਜਨ ਦੀ ਚਿਤਾਵਨੀ- ''ਸਕਾਟਲੈਂਡ ਨੂੰ ਕਰਨਾ ਪੈ ਸਕਦੈ ਤਾਲਾਬੰਦੀ ਦਾ ਸਾਹਮਣਾ''

10/31/2020 9:07:21 AM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿੱਚ ਫਿਰ ਤੋਂ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿਚ ਰੱਖਦਿਆਂ ਫਸਟ ਮਿਨਿਸਟਰ ਨਿਕੋਲਾ ਸਟਰਜ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਸਕਾਟਲੈਂਡ “ਅਗਲੇ ਕੁਝ ਹਫ਼ਤਿਆਂ” ਦੇ ਅੰਦਰ ਪੂਰੀ ਤਰ੍ਹਾਂ ਬੰਦ ਹੋ ਸਕਦਾ ਹੈ। ਮੰਤਰੀ ਨੇ ਸਕਾਟਿਸ਼ ਲੋਕਾਂ ਨੂੰ ਨਵੀਂਆਂ ਪਾਬੰਦੀਆਂ ਦੇ ਅਧੀਨ 4 ਪੱਧਰਾਂ ਦੀ ਯੋਜਨਾ ਦਾ ਨੋਟਿਸ ਦਿੱਤਾ ਹੈ, ਜਿਸ ਦੀ  ਉਸ ਨੇ ਸੋਮਵਾਰ ਤੋਂ ਸਕਾਟਲੈਂਡ ਦੀਆਂ 32 ਕੌਂਸਲਾਂ ਲਈ ਪੁਸ਼ਟੀ ਕੀਤੀ ਹੈ। 

ਇਨ੍ਹਾਂ ਨਵੇਂ ਪੱਧਰਾਂ ਦੀ ਯੋਜਨਾ ਅਨੁਸਾਰ ਲੈਨਾਰਕਸ਼ਾਇਰ ਸੈਂਟਰਲ ਬੈਲਟ ਹੈਲਥ ਬੋਰਡ ਖੇਤਰਾਂ ਜਿਵੇਂ ਕਿ ਗਲਾਸਗੋ, ਐਡਿਨਬਰਗ, ਆਯਰਸ਼ਾਇਰ ਕੌਂਸਲਾਂ , ਲੋਥਿਅਨ ਕੌਂਸਲਾਂ, ਡਨਬਰਟਨਸ਼ਾਇਰ ਕੌਂਸਲਾਂ, ਰੇਨਫਟ੍ਰਾਜ਼ਾਇਰ, ਇਨਵਰਕਲਾਈਡ, ਸਟਰਲਿੰਗ, ਕਲਾਕਮੈਨਸ਼ਾਇਰ ਅਤੇ ਡੰਡੀ ਦੇ ਨਾਲ-ਨਾਲ ਪੱਧਰ 3 ਵਿਚ ਹੋਵੇਗਾ। ਜਦਕਿ ਲੈਵਲ 2 ਵਿਚ ਆਬਰਡੀਨ, ਆਬਰਡੀਨਸ਼ਾਇਰ, ਐਂਗਸ, ਅਰਗੀਲ ਅਤੇ ਬੁਟ, ਡੰਫ੍ਰਾਈਜ਼ ਅਤੇ ਗੈਲੋਵੇਅ, ਫਾਈਫ, ਪਰਥ ਤੇ ਕਿਨਰੋਸ, ਅਤੇ ਸਕਾਟਿਸ਼ ਬਾਰਡਰ ਸ਼ਾਮਲ ਹੋਣਗੇ। ਇਨ੍ਹਾਂ ਤੋਂ ਬਿਨਾਂ ਪੰਜ ਕੌਂਸਲਾਂ ਹਾਈਲੈਂਡ, ਮੋਰੇ, ਔਰਕਨੀ, ਸ਼ਟਲੈਂਡ, ਅਤੇ ਵੈਸਟਰਨ ਆਈਸਲਜ਼  ਲੈਵਲ 1 ਵਿਚ ਹੋਣਗੀਆਂ। 

ਸਟਰਜਨ ਨੇ ਕਿਹਾ ਕਿ ਹੁਣ ਸਕਾਟਲੈਂਡ ਵਿਚ ਵਾਇਰਸ ਦੇ ਮਾਮਲੇ ਵੱਧ ਰਹੇ ਹਨ, ਜਿਸ ਕਰਕੇ ਸਕਾਟਲੈਂਡ ਦੀ ਸਥਿਤੀ ਗੰਭੀਰ ਹੈ। ਇਸ 'ਤੇ ਕਾਬੂ ਪਾਉਣ ਲਈ ਅਗਲੇ ਕੁਝ ਹਫ਼ਤਿਆਂ ਵਿਚ ਦੇਸ਼ਵਿਆਪੀ ਪਾਬੰਦੀਆਂ ਵੱਲ ਵਾਪਸ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ਵਿਚ ਲੈਵਲ 4 ਵੀ ਸ਼ਾਮਿਲ ਹੈ। ਇਨ੍ਹਾਂ ਨਵੇਂ ਪੱਧਰਾਂ ਬਾਰੇ ਦੱਸਦਿਆਂ ਸਟਰਜਨ ਨੇ ਕਿਹਾ ਕਿ ਜੋ ਸਕਾਟਿਸ਼ 3 ਜਾਂ 4 ਦੇ ਪੱਧਰ 'ਤੇ ਰਹਿੰਦੇ ਹਨ, ਉਨ੍ਹਾਂ ਨੂੰ ਆਪਣੀ ਕੌਂਸਲ ਦੇ ਖੇਤਰਾਂ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਜਦ ਤੱਕ ਕਿ ਜ਼ਰੂਰੀ ਨਾ ਹੋਵੇ। ਇਸ ਦੇ ਨਾਲ ਹੀ ਜ਼ਰੂਰੀ ਕੰਮ ਤੋਂ ਬਿਨਾਂ ਲੈਵਲ 2 ਜਾਂ 1 ਵਿਚਲੇ ਲੋਕਾਂ ਨੂੰ 3 ਜਾਂ 4 ਦੇ ਪੱਧਰ ਵਾਲੇ ਖੇਤਰ ਵਿਚ ਨਹੀਂ ਜਾਣਾ ਚਾਹੀਦਾ। 

ਮੰਤਰੀ ਵਲੋਂਲੋਕਾਂ ਨੂੰ ਵਾਇਰਸ 'ਤੇ ਕਾਬੂ ਪਾਉਣ ਸੰਬੰਧੀ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਦੀ ਅਪੀਲ ਵੀ ਕੀਤੀ ਹੈ ਕਿਉਂਕਿ ਇਕੱਲਾ ਪ੍ਰਸ਼ਾਸਨ ਜਾਂ ਅਧਿਕਾਰੀ ਜਨਤਾ ਦੇ ਸਹਿਯੋਗ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ। ਇਸ ਨਵੇਂ ਤਾਲਾਬੰਦੀ ਪੱਧਰ ਵਿਚ ਹਫਤਾਵਾਰੀ ਅਧਾਰ 'ਤੇ ਸਮੀਖਿਆ ਹੋਵੇਗੀ। ਇਸ ਸੰਬੰਧੀ ਮੰਗਲਵਾਰ ਨੂੰ ਸੰਸਦ ਆਪਣੇ ਫੈਸਲਿਆਂ ਦੀ ਪੁਸ਼ਟੀ ਕਰੇਗੀ ਅਤੇ ਅਗਲੇ ਸ਼ੁੱਕਰਵਾਰ (13 ਨਵੰਬਰ) ਨੂੰ ਪਾਬੰਦੀਆਂ ਲਾਗੂ ਹੋ ਸਕਦੀਆਂ ਹਨ।


Lalita Mam

Content Editor

Related News