UK: ਬ੍ਰੇਵਰਮੈਨ ਨੇ ਫਰਜ਼ੀ ਸ਼ਰਣ ਦੇ ਮਾਮਲਿਆਂ ਲਈ ਦੇਸ਼ ਦੀਆਂ ਚਰਚਾਂ ਨੂੰ ਠਹਿਰਾਇਆ ਜ਼ਿੰਮੇਵਾਰ

Monday, Feb 05, 2024 - 10:33 AM (IST)

UK: ਬ੍ਰੇਵਰਮੈਨ ਨੇ ਫਰਜ਼ੀ ਸ਼ਰਣ ਦੇ ਮਾਮਲਿਆਂ ਲਈ ਦੇਸ਼ ਦੀਆਂ ਚਰਚਾਂ ਨੂੰ ਠਹਿਰਾਇਆ ਜ਼ਿੰਮੇਵਾਰ

ਲੰਡਨ (ਭਾਸ਼ਾ)- ਬ੍ਰਿਟੇਨ ਦੀ ਸਾਬਕਾ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੇ ਦੇਸ਼ ਭਰ ਦੀਆਂ ਬਹੁਤ ਸਾਰੀਆਂ ਚਰਚਾਂ ਦੀ ਆਲੋਚਨਾ ਕੀਤੀ ਹੈ, ਜੋ ਗੈਰ-ਈਸਾਈਆਂ ਨੂੰ ਗਲਤ ਤਰੀਕੇ ਨਾਲ ਪ੍ਰਮਾਣਿਤ ਕਰਕੇ ਵੱਡੇ ਪੈਮਾਨੇ" 'ਤੇ ਜਾਅਲੀ ਸ਼ਰਣ ਦਾਅਵਿਆਂ ਦੀ ਸਹੂਲਤ ਦਿੰਦੀਆਂ ਹਨ। ਕੰਜ਼ਰਵੇਟਿਵ ਪਾਰਟੀ ਦੀ ਭਾਰਤੀ ਮੂਲ ਦੀ ਸੰਸਦ ਮੈਂਬਰ ਸੁਏਲਾ ਬ੍ਰੇਵਰਮੈਨ, ਜਿਸ ਨੂੰ ਪਿਛਲੇ ਸਾਲ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਸੀ, ਨੇ ਇਸ ਹਫਤੇ ‘ਦਿ ਡੇਲੀ ਟੈਲੀਗ੍ਰਾਫ’ ’ਚ ਲਿਖਿਆ ਕਿ ਉਹ ਇਸ ਲਈ ਨਾਰਾਜ਼ ਹੈ ਕਿਉਂਕਿ ਬ੍ਰਿਟੇਨ ਆਪਣੀਆਂ ਸਰਹੱਦਾਂ ’ਤੇ ਕੰਟਰੋਲ ਕਰਨ ’ਚ ਅਸਫਲ ਹੋ ਰਿਹਾ ਹੈ। ਉਨ੍ਹਾਂ ਨੇ ਚਰਚਾਂ ’ਤੇ ਖਾਸ ਤੌਰ ’ਤੇ ਨਿਸ਼ਾਨਾ ਵਿੰਨ੍ਹਿਆ, ਜੋ ਪ੍ਰਮਾਣਿਤ ਕਰਦੇ ਹਨ ਕਿ ਪਨਾਹ ਮੰਗਣ ਵਾਲਿਆਂ ਨੂੰ ਆਪਣੇ ਇਸਲਾਮੀ ਮੂਲ ਦੇਸ਼ ’ਚ ਪਰਤਣ ’ਤੇ ਜ਼ੁਲਮ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ: ਵੱਡੀ ਗਿਣਤੀ ’ਚ ਪ੍ਰਵਾਸੀ ਛੱਡ ਰਹੇ ਹਨ ਕੈਨੇਡਾ, ਪਹੁੰਚਣ ਦੇ 3 ਤੋਂ 7 ਸਾਲਾਂ ਦੇ ਵਿਚਕਾਰ ਦੇਸ਼ ਛੱਡਣ ਦੀ ਸੰਭਾਵਨਾ ਜ਼ਿਆਦਾ

ਆਪਣੇ ਲੇਖ ਵਿਚ ਸੁਏਲਾ ਬ੍ਰੇਵਰਮੈਨ ਨੇ ਲਿਖਿਆ - ‘ਚਰਚ ਨੂੰ ਇਕ ਉਦਾਹਰਣ ਵਜੋਂ ਲਓ। ਜਦੋਂ ਮੈਂ ਗ੍ਰਹਿ ਦਫਤਰ ਵਿਚ ਸੀ ਤਾਂ ਮੈਨੂੰ ਦੇਸ਼ ਭਰ ਦੇ ਚਰਚਾਂ ਬਾਰੇ ਪਤਾ ਲੱਗਾ, ਜੋ ਵੱਡੇ ਪੈਮਾਨੇ ’ਤੇ ਫਰਜ਼ੀ ਪਨਾਹ ਦੇ ਦਾਅਵਿਆਂ ਦੀ ਸਹੂਲਤ ਦਿੰਦੇ ਹਨ। ਅਜਿਹੇ ਚਰਚਾਂ ਬਾਰੇ ਪ੍ਰਵਾਸੀ ਭਾਈਚਾਰੇ ਚੰਗੀ ਤਰ੍ਹਾਂ ਜਾਣੂ ਹਨ ਅਤੇ ਯੂ. ਕੇ. ਪਹੁੰਚਣ ’ਤੇ ਪ੍ਰਵਾਸੀਆਂ ਨੂੰ ਆਪਣੇ ਪਨਾਹ ਦੇ ਕੇਸ ਨੂੰ ਮਜ਼ਬੂਤ ਕਰਨ ਲਈ ਸਿੱਧੇ ਇਨ੍ਹਾਂ ‘ਵਨ-ਸਟਾਪ ਸ਼ਾਪ’ ਚਰਚਾਂ ਵਿਚ ਭੇਜਿਆ ਜਾਂਦਾ ਹੈ। ਉਸ ਤੋਂ ਬਾਅਦ ਪ੍ਰਵਾਸੀ ਕੁਝ ਮਹੀਨਿਆਂ ਲਈ ਹਫ਼ਤੇ ਵਿਚ ਇਕ ਵਾਰ ਸਮੂਹਿਕ ਪ੍ਰਾਰਥਣਾ ਵਿਚ ਸ਼ਾਮਲ ਹੁੰਦੇ ਹਨ, ਪਾਦਰੀ ਨਾਲ ਦੋਸਤੀ ਕਰਦੇ ਹਨ। ਉਹ ਡਾਇਰੀ ਵਿਚ ਆਪਣੇ ਬਪਤਿਸਮੇ ਦੀ ਤਰੀਕ ਲਿਖਵਾਉਂਦੇ ਹਨ ਅਤੇ ਪਾਦਰੀ ਦੇ ਦਸਤਖਤ ਵਾਲਾ ਇਕ ਪੱਤਰ ਲਿਖਵਾਉਂਦੇ ਹਨ ਕਿ ਇਹ ਪ੍ਰਵਾਸੀ ਇਕ ਈਸਾਈ ਹੈ, ਜਿਸ ਨੂੰ ਆਪਣੇ ਮੂਲ ਇਸਲਾਮੀ ਦੇਸ਼ ਵਿਚ ਵਾਪਸ ਭੇਜਿਆ ਗਿਆ ਤਾਂ ਨਿਸ਼ਚਤ ਤੌਰ ’ਤੇ ਉੱਥੇ ਜ਼ੁਲਮ ਦਾ ਸਾਹਮਣਾ ਕਰਨਾ ਪਵੇਗਾ। ਬ੍ਰੇਵਰਮੈਨ ਨੇ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਸਮੱਸਿਆ ਨਾਲ ਨਜਿੱਠਣ ਦਾ ਜਵਾਬ ਮਨੁੱਖੀ ਅਧਿਕਾਰਾਂ ਬਾਰੇ ਯੂਰਪੀਅਨ ਕਨਵੈਨਸ਼ਨ (ਈ.ਸੀ.ਐੱਚ.ਆਰ.) ਤੋਂ ਬ੍ਰਿਟੇਨ ਦੇ ਪਿੱਛੇ ਹਟਣ ਵਿਚ ਹੈ। ਉਨ੍ਹਾਂ ਕਿਹਾ ਕਿ ਸਟ੍ਰਾਸਬਰਗ ਸਥਿਤ ਅਦਾਲਤ ਦੇ ਨਿਯਮਾਂ ਕਾਰਨ ਬ੍ਰਿਟੇਨ ਦੇ ਹੱਥ ਬੰਨ੍ਹੇ ਹੋਏ ਹਨ।

ਇਹ ਵੀ ਪੜ੍ਹੋ: ਵੋਟ ਫ਼ੀਸਦੀ ਘਟੀ ਤਾਂ ਨੀਂਦ 'ਚੋਂ ਜਾਗੀ ਬ੍ਰਿਟੇਨ ਦੀ ਲੇਬਰ ਪਾਰਟੀ, ਕਿਹਾ- ਅਸੀਂ ਭਾਰਤੀ ਵੋਟਰਾਂ ਨੂੰ ਸਾਲਾਂ ਤੋਂ ਹਲਕੇ 'ਚ ਲਿਆ

ਫਰਜ਼ੀ ਪਨਾਹ ਮੰਗਣ ਵਾਲਿਆਂ ਦੀ ਧੋਖਾਦੇਹੀ ਦਾ ਵੇਰਵਾ

ਸੁਏਲਾ ਬ੍ਰੇਵਰਮੈਨ ਇਕ ਬੈਰਿਸਟਰ ਵਜੋਂ ਅਤੀਤ ਵਿਚ ਗ੍ਰਹਿ ਦਫਤਰ ਲਈ ਕਈ ਅਜਿਹੇ ਕੇਸ ਲੜ ਚੁੱਕੀ ਹੈ, ਜਿਸ ਨਾਲ ਉਸ ਨੂੰ ਪਤਾ ਲੱਗਾ ਕਿ ਫਰਜ਼ੀ ਪਨਾਹ ਮੰਗਣ ਵਾਲਿਆਂ ਦੀ ਧੋਖਾਦੇਹੀ ਦਾ ਕੋਈ ਅੰਤ ਨਹੀਂ ਹੈ। ਉਹ ਲਿਖਦੀ ਹੈ ਕਿ ਬਾਲਗ ਪ੍ਰਵਾਸੀ ਬੱਚੇ ਹੋਣ ਦਾ ਦਿਖਾਵਾ ਕਰਦੇ ਹਨ, ਮੁਸਲਮਾਨ ਈਸਾਈ ਹੋਣ ਦਾ ਦਿਖਾਵਾ ਕਰਦੇ ਹਨ, ਵਿਪਰੀਤ ਲਿੰਗੀ ਸਮਲਿੰਗੀ ਹੋਣ ਦਾ ਦਿਖਾਵਾ ਕਰਦੇ ਹਨ, ਸਿਹਤਮੰਦ ਲੋਕ ਮਾਨਸਿਕ ਤੌਰ ’ਤੇ ਬਿਮਾਰ ਹੋ ਜਾਂਦੇ ਹਨ, ਆਰਥਿਕ ਪ੍ਰਵਾਸੀ ਅਤਿਆਚਾਰ ਤੋਂ ਭੱਜ ਰਹੇ ਸ਼ਰਨਾਰਥੀਆਂ ਦਾ ਰੂਪ ਧਾਰ ਲੈਂਦੇ ਹਨ। ਇੰਨਾ ਹੀ ਨਹੀਂ, ਪ੍ਰਵਾਸੀ ਦਲੀਲ ਦਿੰਦੇ ਹਨ ਕਿ ਉਨ੍ਹਾਂ ਨੂੰ ਗੁਲਾਮਾਂ ਵਜੋਂ ਸਮੱਗਲ ਕੀਤਾ ਗਿਆ ਹੈ ਜਾਂ ਉਨ੍ਹਾਂ ਦੇ ਦੇਸ਼ ਵਿਚ ਜ਼ੁਲਮ ਕੀਤੇ ਜਾ ਰਹੇ ਹਨ ਕਿਉਂਕਿ ਉਹ ਰਾਜਨੀਤਕ ਤੌਰ ’ਤੇ ਅਸੰਤੁਸ਼ਟ ਹਨ।

ਇਹ ਵੀ ਪੜ੍ਹੋ: 2018 ਤੋਂ ਹੁਣ ਤੱਕ ਵਿਦੇਸ਼ਾਂ 'ਚ 403 ਭਾਰਤੀ ਵਿਦਿਆਰਥੀਆਂ ਦੀ ਮੌਤ, ਕੈਨੇਡਾ 'ਚ ਸਭ ਤੋਂ ਵੱਧ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News