ਯੂ. ਕੇ. : ਪੁਲਸ ਵਿਭਾਗ ਲਈ ਜਾਨਾਂ ਬਚਾਉਣ ਵਾਲੇ ਕੁੱਤਿਆਂ ਨੂੰ ਕੀਤਾ ਮੈਡਲਾਂ ਨਾਲ ਸਨਮਾਨਿਤ
Wednesday, Sep 15, 2021 - 08:04 PM (IST)
![ਯੂ. ਕੇ. : ਪੁਲਸ ਵਿਭਾਗ ਲਈ ਜਾਨਾਂ ਬਚਾਉਣ ਵਾਲੇ ਕੁੱਤਿਆਂ ਨੂੰ ਕੀਤਾ ਮੈਡਲਾਂ ਨਾਲ ਸਨਮਾਨਿਤ](https://static.jagbani.com/multimedia/2021_9image_20_03_446208539untitled7799.jpg)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਸਾਰੀ ਦੁਨੀਆ ’ਚ ਕੁੱਤਿਆਂ ਨੂੰ ਪਾਲਤੂ ਜਾਨਵਰਾਂ ਵਜੋਂ ਰੱਖਣ ਦੇ ਨਾਲ-ਨਾਲ ਪੁਲਸ ਵਿਭਾਗ ਵੱਲੋਂ ਵੀ ਜ਼ਿਆਦਾਤਰ ਕੇਸਾਂ ਨੂੰ ਹੱਲ ਕਰਨ ਲਈ ਸਹਾਇਤਾ ਲਈ ਜਾਂਦੀ ਹੈ। ਯੂ. ਕੇ. ਪੁਲਸ ਵਿਭਾਗ ’ਚ ਵੀ ਖਾਸ ਸਿਖਲਾਈ ਪ੍ਰਾਪਤ ਕੁੱਤਿਆਂ ਨੂੰ ਅਪਰਾਧੀਆਂ ਨੂੰ ਕਾਬੂ ਕਰਨ ਅਤੇ ਹੋਰ ਕੇਸਾਂ ਦੀ ਜਾਂਚ ਲਈ ਵਰਤਿਆ ਜਾਂਦਾ ਹੈ। ਯੂ. ਕੇ. ਪੁਲਸ ਦੇ ਅਜਿਹੇ ਹੀ ਕੁਝ ਕੁੱਤਿਆਂ ਨੂੰ ਲੋਕਾਂ ਦੀ ਜਾਨ ਬਚਾਉਣ ਅਤੇ ਅਪਰਾਧੀਆਂ ਦਾ ਮੁਕਾਬਲਾ ਕਰਨ ਲਈ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਮੰਗਲਵਾਰ ਨੂੰ ਹੋਏ ਥਿਨ ਬਲੂ ਪਾਅ ਐਵਾਰਡਜ਼ ਦੇ ਸਮਾਗਮ ’ਚ ਪੰਜ ਸਰਵਿਸ ਕੁੱਤਿਆਂ ਨੂੰ ‘ਗੁੱਡ ਬੁਆਏ’ ਅਤੇ ‘ਗੁੱਡ ਗਰਲ’ ਦੇ ਬਹਾਦਰੀ ਇਨਾਮ ਤਹਿਤ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਹਰਟਫੋਰਡਸ਼ਾਇਰ ਦੇ ਇੱਕ ਸ਼ਾਨਦਾਰ ਟਿਊਡਰ ਘਰ ’ਚ ਆਯੋਜਿਤ ਇਸ ਸਮਾਗਮ ’ਚ ਪੰਜ ਕੁੱਤਿਆਂ ਅਤੇ ਛੇ ਹੈਂਡਲਰਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕੀਤੇ ਗਏ ਇਨ੍ਹਾਂ ਸਰਵਿਸ ਕੁੱਤਿਆਂ ਨੇ ਲੋਕਾਂ ਦੀ ਜਾਨ ਬਚਾਉਣ ਦੇ ਨਾਲ-ਨਾਲ ਪੁਲਸ ਦੀ ਹੋਰ ਗੁੰਝਲਦਾਰ ਕੇਸਾਂ ’ਚ ਸਹਾਇਤਾ ਕੀਤੀ ਹੈ। ਇਸ ਸਮਾਗਮ ਦੌਰਾਨ ਥਿਨ ਬਲੂ ਪਾਅ ਫਾਊਂਡੇਸ਼ਨ ਦੇ ਸਹਿ-ਸੰਸਥਾਪਕ ਕੀਰਨ ਸਟੈਨਬ੍ਰਿਜ ਨੇ ਦੱਸਿਆ ਕਿ ਪੂਰੇ ਯੂ. ਕੇ. ’ਚ ਲੱਗਭਗ 1500 ਸੇਵਾ ਵਾਲੇ ਕੁੱਤੇ ਪੁਲਸ ਨਾਲ ਤਾਇਨਾਤ ਹਨ ਅਤੇ ਹਰ ਰੋਜ਼ ਉਹ ਅਪਰਾਧ ਨਾਲ ਲੜਨ, ਜਾਨਾਂ ਬਚਾਉਣ ਅਤੇ ਹੋਰ ਸਹਾਇਤਾ ਲਈ ਆਪਣੇ ਪ੍ਰਬੰਧਕਾਂ ਦੇ ਨਾਲ ਕੰਮ ਕਰਦੇ ਹਨ।