ਯੂ. ਕੇ. : ਲਿਵਰਪੂਲ ''ਚ ਸਾਹਮਣੇ ਆਏ ਬਿਨਾਂ ਲੱਛਣਾਂ ਵਾਲੇ ਕੋਰੋਨਾ ਦੇ 700 ਮਾਮਲੇ

11/17/2020 4:51:11 PM

ਗਲਾਸਗੋ/ਲਿਵਰਪੂਲ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਸਰਕਾਰ ਵਲੋਂ ਲਿਵਰਪੂਲ ਵਿਚ ਕੋਰੋਨਾ ਟੈਸਟ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਮਾਸ ਟੈਸਟਿੰਗ ਸਕੀਮ ਲਾਗੂ ਕੀਤੀ ਗਈ ਸੀ, ਜਿਸ ਦੇ ਤਹਿਤ ਲਿਵਰਪੂਲ ਵਿਚ ਕੋਵਿਡ-19 ਟੈਸਟਿੰਗ ਦੌਰਾਨ 700 ਮਾਮਲੇ ਅਜਿਹੇ ਹਨ, ਜਿਨ੍ਹਾਂ ਨੂੰ ਵਾਇਰਸ ਦਾ ਕੋਈ ਲੱਛਣ ਨਹੀਂ ਦਿਸ ਰਿਹਾ ਸੀ। 

ਪਬਲਿਕ ਹੈਲਥ ਇੰਗਲੈਂਡ ਦੀ ਡਾਇਰੈਕਟਰ ਡਾ. ਸੁਜ਼ਨ ਹੌਪਕਿਨਜ਼ ਅਨੁਸਾਰ ਇਸ ਸਕੀਮ ਤਹਿਤ ਪਿਛਲੇ 10 ਦਿਨਾਂ ਵਿਚ ਤਕਰੀਬਨ 100,000 ਲੋਕਾਂ ਦਾ ਟੈਸਟ ਲਿਆ ਗਿਆ ਹੈ ਅਤੇ ਇਸ ਪ੍ਰਾਜੈਕਟ ਲਈ ਸ਼ਹਿਰ ਵਿਚ ਲਗਭਗ 2,000 ਫ਼ੌਜੀ ਵੀ ਤਾਇਨਾਤ ਕੀਤੇ ਗਏ ਹਨ। 

ਇਸ ਅਧੀਨ 6 ਨਵੰਬਰ ਤੋਂ ਇਕ ਘੰਟੇ ਦੇ ਅੰਦਰ ਟੈਸਟ ਦਾ ਨਤੀਜਾ ਦੇਣ ਵਾਲੇ ਉਪਕਰਨ ਵਰਤੇ ਜਾ ਰਹੇ ਹਨ। ਲਿਵਰਪੂਲ 'ਚ ਅਕਤੂਬਰ ਵਿਚ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੀ ਸਭ ਤੋਂ ਵੱਧ ਦਰ ਸੀ, ਜਿਸ ਦੇ ਤਹਿਤ ਵੱਧ ਤੋਂ ਵੱਧ ਲੋਕਾਂ ਦਾ ਟੈਸਟ ਕਰਨ ਲਈ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਸਿਹਤ ਅਧਿਕਾਰੀ ਇਸ ਸਕੀਮ ਨੂੰ ਪੂਰੇ ਦੇਸ਼ ਵਿਚ ਦੁਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਸਕੂਲਾਂ ਅਤੇ ਯੂਨੀਵਰਸਿਟੀਆਂ ਵਿਚ ਵੀ ਇਸ ਦਾ ਮੁਲਾਂਕਣ ਹੋ ਰਿਹਾ ਹੈ ਅਤੇ ਮਾਹਰ ਕ੍ਰਿਸਮਸ ਮੌਕੇ ਘਰ ਜਾਣ ਤੋਂ ਪਹਿਲਾਂ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਟੈਸਟ ਕਰਨ ਦੀ ਯੋਜਨਾ ਬਣਾ ਰਹੇ ਹਨ।


Lalita Mam

Content Editor

Related News