ਯੂ. ਕੇ. ਦੀ ਭਾਰਤੀ ਮੂਲ ਦੀ ਪਹਿਲੀ ਮੇਅਰੈੱਸ ਉਰਮਿਲਾ ਕੁਮਾਰੀ ਸ਼ਰਮਾ ਦਾ ਦਿਹਾਂਤ

Tuesday, Oct 27, 2020 - 08:33 AM (IST)

ਯੂ. ਕੇ. ਦੀ ਭਾਰਤੀ ਮੂਲ ਦੀ ਪਹਿਲੀ ਮੇਅਰੈੱਸ ਉਰਮਿਲਾ ਕੁਮਾਰੀ ਸ਼ਰਮਾ ਦਾ ਦਿਹਾਂਤ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਹੌਂਸਲੋ ਵੈਸਟ ਤੋਂ ਕੌਂਸਲਰ ਜਗਦੀਸ਼ ਸ਼ਰਮਾ ਦੀ ਪਤਨੀ ਸ੍ਰੀਮਤੀ ਉਰਮਿਲਾ ਕੁਮਾਰੀ ਸ਼ਰਮਾ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨੂੰ ਭਾਈਚਾਰੇ ਦੇ ਲੋਕਾਂ ਵੱਲੋਂ ਆਦਰ ਸਤਿਕਾਰ ਸਹਿਤ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਸ੍ਰੀਮਤੀ ਸ਼ਰਮਾ ਦਾ ਜਨਮ ਪੰਜਾਬ ਦੇ ਪਿੰਡ ਬਿਲਗਾ ਵਿਖੇ 1937 ਵਿਚ ਹੋਇਆ ਸੀ। ਉਹ ਅਤੇ ਕੌਂਸਲਰ ਜਗਦੀਸ਼ ਸ਼ਰਮਾ ਦੋਵੇਂ ਭਾਰਤ ਵਿੱਚ ਸਿੱਖਿਆ ਖੇਤਰ ਨਾਲ ਸੰਬੰਧਤ ਸਨ। ਕੌਂਸਲਰ ਸ਼ਰਮਾ ਨੇ ਯੂ. ਕੇ. ਵਿਚ ਆ ਕੇ ਵੀ ਸਿੱਖਿਆ ਖੇਤਰ ਵਿਚ ਕੰਮ ਕਰਨਾ ਜਾਰੀ ਰੱਖਿਆ ਪਰ ਸ੍ਰੀਮਤੀ ਸ਼ਰਮਾ ਬ੍ਰਿਟਿਸ਼ ਏਅਰਵੇਜ਼ ਵਿਚ ਕੰਮ ਕਰਨ ਲੱਗੇ। ਕੰਮ ਪ੍ਰਤੀ ਉਨ੍ਹਾਂ ਦੀ ਲਗਨ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ 1972 ਤੋਂ 1997 ਵਿੱਚ ਤੱਕ ਬ੍ਰਿਟਿਸ਼ ਏਅਰਵੇਜ਼ ਲਈ 25 ਵਰ੍ਹੇ ਕੰਮ ਕੀਤਾ ਤੇ ਉੱਥੋਂ ਹੀ ਸੇਵਾ ਮੁਕਤ ਹੋਏ। 1979 ਵਿੱਚ ਉਨ੍ਹਾਂ ਨੂੰ ਪਹਿਲੀ ਭਾਰਤੀ ਮੇਅਰੈੱਸ ਬਣਨ ਦਾ ਮਾਣ ਹਾਸਲ ਹੋਇਆ ਜਦੋਂ ਕੌਂਸਲਰ ਜਗਦੀਸ਼ ਸ਼ਰਮਾ ਨੇ ਯੂ. ਕੇ. ਵਿਚ ਪਹਿਲੇ ਭਾਰਤੀ ਮੇਅਰ ਬਣ ਕੇ ਇਤਿਹਾਸ ਰਚਿਆ। 

ਲੈਂਪਟਨ ਸਕੂਲ ਵਿਖੇ ਨਵੇਂ ਸਾਇੰਸ ਬਲਾਕ ਦੇ ਉਦਘਾਟਨ ਸਮੇਂ ਉਨ੍ਹਾਂ ਨੇ ਬਹੁਤ ਹੀ ਜ਼ਿੰਮੇਵਾਰੀ ਪੂਰਵਕ ਫ਼ਰਜ਼ ਅਦਾ ਕਰਦਿਆਂ ਮਹਾਰਾਣੀ ਐਲਿਜ਼ਾਬੈੱਥ ਦੂਜੀ ਦਾ ਸਵਾਗਤ ਕੀਤਾ ਸੀ। ਉਨ੍ਹਾਂ ਦੇ ਵਿਛੋੜੇ 'ਤੇ ਸਥਾਨਕ ਸੰਸਦ ਮੈਂਬਰ ਸੀਮਾ ਮਲਹੋਤਰਾ, ਹੌਂਸਲੋ ਦੇ ਮੇਅਰ ਟੋਨੀ ਲੂਕੀ, ਡਿਪਟੀ ਮੇਅਰ ਰਘਵਿੰਦਰ ਸਿੰਘ ਸਿੱਧੂ, ਲੀਡਰ ਸਟੀਵ ਕੈਰਨ, ਸਾਊਥਾਲ ਈਲਿੰਗ ਸੰਸਦ ਮੈਂਬਰ ਵੀਰੇਂਦਰ ਸ਼ਰਮਾ, ਕੌਂਸਲਰ ਹਰਲੀਨ ਅਟਵਾਲ ਨੇ ਕਿਹਾ ਕਿ ਉਰਮਿਲਾ ਕੁਮਾਰੀ ਸ਼ਰਮਾ ਬਹੁਤ ਹੀ ਮਿਲਣਸਾਰ, ਨੇਕ ਸੁਭਾਅ ਤੇ ਆਦਰਸ਼ ਸੋਚ ਦੀ ਧਾਰਨੀ ਵਿਲੱਖਣ ਸਖਸ਼ੀਅਤ ਦੀ ਮਾਲਕ ਸਨ। ਭਾਈਚਾਰੇ ਲਈ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਨੂੰ ਸਤਿਕਾਰ ਸਹਿਤ ਯਾਦ ਕੀਤਾ ਜਾਂਦਾ ਰਹੇਗਾ। ਮਰਹੂਮ ਉਰਮਿਲਾ ਕੁਮਾਰੀ ਸ਼ਰਮਾ ਦੇ ਪਤੀ ਕੌਂਸਲਰ ਜਗਦੀਸ਼ ਸ਼ਰਮਾ ਨੇ ਦੁੱਖ ਦੀ ਘੜੀ ਵਿਚ ਸ਼ਰੀਕ ਹੋਏ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ (ਸਿਰਫ ਪਰਿਵਾਰ ਅਤੇ ਨਜ਼ਦੀਕੀ ਦੋਸਤ) 28 ਅਕਤੂਬਰ 2020 ਨੂੰ ਸਵੇਰੇ 10.40 ਵਜੇ ਹੋਵੇਗਾ।
 


author

Lalita Mam

Content Editor

Related News