ਯੂਕੇ: ਫਰਾਂਸ ਨਾਲ "ਮੱਛੀ-ਕਲੇਸ਼", ਜਰਸੀ ਟਾਪੂ ''ਚ ਭੇਜੇ ਰਾਇਲ ਨੇਵੀ ਦੇ ਜਹਾਜ਼

Thursday, May 06, 2021 - 11:25 AM (IST)

ਯੂਕੇ: ਫਰਾਂਸ ਨਾਲ "ਮੱਛੀ-ਕਲੇਸ਼", ਜਰਸੀ ਟਾਪੂ ''ਚ ਭੇਜੇ ਰਾਇਲ ਨੇਵੀ ਦੇ ਜਹਾਜ਼

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਅਤੇ ਫਰਾਂਸ ਵਿਚਕਾਰ ਮੱਛੀ ਫੜ੍ਹਨ ਦੇ ਸਬੰਧ ਵਿੱਚ ਮੱਤਭੇਦ ਵਧ ਰਹੇ ਹਨ। ਦੋਹਾਂ ਦੇਸ਼ਾਂ ਵਿਚਕਾਰ ਮੱਛੀਆਂ ਕਲੇਸ਼ ਦਾ ਸਬੱਬ ਬਣ ਰਹੀਆਂ ਹਨ। ਇਸ ਖਿੱਚਧੂਹ ਦੇ ਚਲਦਿਆਂ ਫ੍ਰੈਂਚ ਕਿਸ਼ਤੀਆਂ ਦੁਆਰਾ ਕੀਤੀ ਜਾ ਰਹੀ ਨਾਕਾਬੰਦੀ ਦੀ ਚਿੰਤਾ ਦਰਮਿਆਨ ਰਾਇਲ ਨੇਵੀ ਦਾ ਜਹਾਜ਼ ਜਰਸੀ ਟਾਪੂ ਦੇ ਆਲੇ-ਦੁਆਲੇ ਪਾਣੀ ਵਿੱਚ ਗਸ਼ਤ ਕਰ ਰਿਹਾ ਹੈ। 

ਫਰਾਂਸ ਨੇ ਇਸ ਟਾਪੂ ਦੀ ਬਿਜਲੀ ਸਪਲਾਈ ਕੱਟਣ ਦੀ ਧਮਕੀ ਦਿੱਤੀ ਹੈ, ਜਿਸ ਵੱਲੋਂ ਫ੍ਰੈਂਚ ਕਿਸ਼ਤੀਆਂ ਨੂੰ ਲਾਇਸੈਂਸ ਜਾਰੀ ਕਰਨ ਲਈ ਯੋਜਨਾ ਤਿਆਰ ਕੀਤੀ ਹੈ। ਮੱਛੀ ਫੜ੍ਹਨ ਵਾਲੇ ਆਪਣੀਆਂ ਕਿਸ਼ਤੀਆਂ ਨਾਲ ਜਰਸੀ ਦੀ ਮੁੱਖ ਬੰਦਰਗਾਹ ਸੇਂਟ ਹੈਲੀਅਰ ਵਿਖੇ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੇ ਦੱਸੇ ਜਾਂਦੇ ਹਨ। ਇਸ ਲਈ ਸਥਿਤੀ ਦੀ ਨਿਗਰਾਨੀ ਕਰਨ ਲਈ ਯੂਕੇ ਵੱਲੋਂ ਗਸ਼ਤ ਲਈ ਨੇਵੀ ਦੇ ਦੋ ਜਹਾਜ਼ ਭੇਜੇ ਜਾ ਰਹੇ ਹਨ। ਇਸ ਕੰਮ ਲਈ ਨੇਵੀ ਦਾ ਜਹਾਜ਼ ਐਚ ਐਮ ਐਸ ਸੇਵਰਨ, ਵੀਰਵਾਰ ਸਵੇਰੇ ਜਲਦੀ ਜਰਸੀ ਦੇ ਨੇੜੇ ਪਹੁੰਚ ਗਿਆ ਹੈ, ਜਦਕਿ ਰੱਖਿਆ ਮੰਤਰਾਲੇ ਅਨੁਸਾਰ ਦੂਜਾ ਜਹਾਜ਼ ਐਚ ਐਮ ਐਸ ਤਾਮਾਰ ਬਾਅਦ ਵਿੱਚ ਆਵੇਗਾ। 

ਪੜ੍ਹੋ ਇਹ ਅਹਿਮ ਖਬਰ-  ਅਮਰੀਕਾ ਨੇ IPR 'ਚ ਛੋਟ ਦੇਣ ਦੇ ਭਾਰਤ, ਦੱਖਣੀ ਅਫਰੀਕਾ ਦੇ ਪ੍ਰਸਤਾਵ ਦਾ ਕੀਤਾ ਸਮਰਥਨ

ਇਸ ਸੰਬੰਧੀ ਬੁੱਧਵਾਰ ਰਾਤ ਨੂੰ ਪ੍ਰਧਾਨ ਮੰਤਰੀ ਬੋਰਿਸ ਜਨਸਨ ਨੇ ਫਰਾਂਸ ਤੋਂ 14 ਮੀਲ ਦੀ ਦੂਰੀ 'ਤੇ ਸਥਿਤ, ਸਭ ਤੋਂ ਵੱਡੇ ਇਸ ਚੈਨਲ ਆਈਲੈਂਡ ਅਤੇ ਜਰਸੀ ਲਈ ਆਪਣਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਸੀ। ਯੂਕੇ-ਈਯੂ ਵਪਾਰ ਅਤੇ ਸਹਿਕਾਰਤਾ ਸਮਝੌਤੇ (ਟੀ ਸੀ ਏ) ਦੇ ਤਹਿਤ ਜਰਸੀ ਸਰਕਾਰ ਦੁਆਰਾ ਪੇਸ਼ ਕੀਤੇ ਗਏ ਮੱਛੀ ਫੜਨ ਦੇ ਨਵੇਂ ਨਿਯਮ ਅਨੁਸਾਰ ਫ੍ਰੈਂਚ ਕਿਸ਼ਤੀਆਂ ਨੂੰ ਜਰਸੀ ਦੇ ਪਾਣੀਆਂ ਵਿੱਚ ਮੱਛੀਆਂ ਫੜ੍ਹਨ ਲਈ ਲਾਈਸੈਂਸ ਲੈਣਾ ਜਰੂਰੀ ਹੈ।


author

Vandana

Content Editor

Related News