ਬ੍ਰਿਟੇਨ ''ਚ ਫਰਜ਼ੀ ਕਾਲ ਘਪਲੇ ''ਤੇ ਭਾਰਤੀ ਵਿਦਿਆਰਥੀਆਂ ਨੇ ਚੁੱਕੀ ਆਵਾਜ਼

08/21/2018 4:43:29 PM

ਲੰਡਨ (ਬਿਊਰੋ)— ਬ੍ਰਿਟੇਨ ਵਿਚ ਭਾਰਤੀ ਵਿਦਿਆਰਥੀਆਂ ਦੇ ਇਕ ਸਮੂਹ ਨੇ ਫਰਜ਼ੀ ਕਾਲ ਘਪਲੇ ਵਿਚ ਪੀੜਤ ਆਪਣੇ ਸਾਥੀਆਂ ਦਾ ਸਮਰਥਨ ਕੀਤਾ ਅਤੇ ਕਾਰਵਾਈ ਦੀ ਮੰਗ ਕੀਤੀ। ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਦਫਤਰ ਦਾ ਹਵਾਲਾ ਦਿੰਦੇ ਹੋਏ ਨਿਰਦੋਸ਼ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਸੰਗਠਨ ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ (ਇਨਸਾ), ਯੂ.ਕੇ. ਨੇ ਘਪਲੇ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਕਰਨ ਲਈ ਹਫਤੇ ਦੇ ਅਖੀਰ ਵਿਚ ਲੰਡਨ ਵਿਚ ਆਯੋਜਿਤ ਆਪਣੀ ਕੌਮੀ ਕਾਰਜਕਾਰਨੀ ਦੀ ਸਾਲਾਨਾ ਬੈਠਕ ਵਿਚ ਇਸ ਮੁੱਦੇ ਨੂੰ ਚੁੱਕਿਆ। 

ਸੰਗਠਨ ਨੇ ਬਿਆਨ ਵਿਚ ਕਿਹਾ,''ਵੈਸਟਮਿੰਸਟਰ ਯੂਨੀਵਰਸਿਟੀ ਅਤੇ ਕਿੰਗਸ ਕਾਲਜ ਦੀ ਲੰਡਨ ਇਕਾਈ ਨੇ ਬੈਠਕ ਵਿਚ ਭਾਰਤੀ ਵਿਦਿਆਰਥੀਆਂ ਨਾਲ ਹੋਏ ਫਰਜ਼ੀ ਕਾਲ ਦੇ ਮੁੱਦੇ ਨੂੰ ਚੁੱਕਿਆ ਅਤੇ ਪ੍ਰਭਾਵਿਤ ਲੋਕਾਂ ਨੂੰ ਮਦਦ ਦੇਣ ਦੀ ਗੱਲ ਕਹੀ।'' ਵੈਸਟਮਿੰਸਟਰ ਯੂਨੀਵਰਸਿਟੀ ਦੇ ਹਾਰਦਿਕ ਸੋਮਾਨੀ ਦੇ ਮਾਮਲੇ ਨੂੰ ਕੇਸ ਸਟੱਡੀ ਦੇ ਰੂਪ ਵਿਚ ਰੱਖਿਆ ਹੈ। ਸੋਮਾਨੀ ਨੂੰ 'ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਦਫਤਰ' ਦੇ ਹਵਾਲੇ ਨਾਲ ਫਰਜ਼ੀ ਫੋਨ ਕਰ ਕੇ ਜੁਰਮਾਨੇ ਦਾ ਭੁਗਤਾਨ ਕਰਨ ਜਾਂ ਫਿਰ ਦੇਸ਼ ਨਿਕਾਲੇ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਗਈ ਸੀ। ਸੋਮਾਨੀ ਨੂੰ ਕਾਗਜ਼ੀ ਪ੍ਰਕਿਰਿਆ ਦਾ ਸਹੀ ਢੰਗ ਨਾਲ ਪਾਲਣ ਨਾ ਕਰਨ 'ਤੇ ਦੇਸ਼ ਨਿਕਾਲਾ ਦਿੱਤੇ ਜਾਣ ਅਤੇ 10 ਸਾਲ ਲਈ ਬ੍ਰਿਟੇਨ ਆਉਣ 'ਤੇ ਪਾਬੰਦੀ ਲਗਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਚਣ ਲਈ 6,500 ਪੌਂਡ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਸੀ। 

ਸੰਗਠਨ ਦੀ ਪ੍ਰਧਾਨ ਸ਼ਵੇਤਾ ਕੁਲਕਰਨੀ ਨੇ ਕਿਹਾ ਕਿ ਇਨਸਾ ਦੀ ਸਥਾਪਨਾ ਭਾਰਤੀ ਵਿਦਿਆਰਥੀਆਂ ਦਾ ਪੱਖ ਰੱਖਣ ਲਈ ਕੀਤੀ ਗਈ ਸੀ ਅਤੇ ਅਸੀਂ ਇਸ ਤਰ੍ਹਾਂ ਦੀਆਂ ਫਰਜ਼ੀ ਕਾਲਾਂ ਅਤੇ ਵੀਜ਼ਾ ਨਾਲ ਜੁੜੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਚਾਹਵਾਨ ਹਾਂ। ਅਸੀਂ ਅਧਿਕਾਰੀਆਂ ਨੂੰ ਧੋਖੇਬਾਜ਼ਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ। ਗ੍ਰਹਿ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਕਦੇ ਕਿਸੇ ਸ਼ਖਸ ਨੂੰ ਫੋਨ 'ਤੇ ਵੀਜ਼ਾ ਫੀਸ ਜਾਂ ਜੁਰਮਾਨਾ ਕਰਨ ਲਈ ਸੰਪਰਕ ਨਹੀਂ ਕਰਦੇ।''


Related News