ਯੂਕੇ : ਕਾਰ ਹਾਦਸੇ ਤੋਂ ਦੋ ਹਫ਼ਤਿਆਂ ਬਾਅਦ ਨਦੀ ''ਚੋਂ ਬਰਾਮਦ ਹੋਈਆਂ ਦੋ ਲਾਸ਼ਾਂ
Sunday, Feb 14, 2021 - 03:24 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਨਾਟਿੰਘਮਸ਼ਾਇਰ 'ਚ ਇੱਕ ਹਾਦਸੇ ਦੌਰਾਨ ਰਿਵਰ ਟ੍ਰੇਂਟ ਵਿੱਚ ਡੁੱਬੀ ਇੱਕ ਕਾਰ ਲਈ ਸ਼ੁਰੂ ਕੀਤੀ ਗਈ ਇੱਕ ਵੱਡੀ ਤਲਾਸ਼ ਮੁਹਿੰਮ ਤੋਂ ਬਾਅਦ ਪਾਣੀ ਵਿੱਚੋਂ ਦੋ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਹਾਦਸੇ ਸੰਬੰਧੀ 1 ਫਰਵਰੀ ਨੂੰ ਨੇਵਾਰਕ ਅਤੇ ਨਾਟਿੰਘਮ ਦੇ ਵਿਚਕਾਰ ਹੋਵਰਿੰਗਹਮ ਵਿਖੇ ਇੱਕ ਦਰਿਆ ਵਿੱਚ ਦੋ ਯਾਤਰੀਆਂ ਸਮੇਤ ਡੁੱਬ ਰਹੀ ਕਾਰ ਨੂੰ ਹੋਰ ਰਾਹਗੀਰਾਂ ਵੱਲੋਂ ਵੇਖਦੇ ਹੋਏ ਸੂਚਿਤ ਕਰਨ ਤੋਂ ਬਾਅਦ ਖੋਜ ਕਾਰਜ ਜਾਰੀ ਸੀ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਵਿਖੇ ਕਿਸਾਨ ਮੋਰਚੇ 'ਚ ਗ੍ਰਿਫ਼ਤਾਰ ਕੀਤੇ ਲੋਕਾਂ ਦੇ ਹੱਕ 'ਚ ਪੈਦਲ ਰੋਸ ਮਾਰਚ (ਤਸਵੀਰਾਂ)
ਕਾਰ ਨੂੰ ਕੁਝ ਦਿਨਾਂ ਬਾਅਦ ਸੋਨਾਰ ਉਪਕਰਣਾਂ ਦੀ ਵਰਤੋਂ ਕਰਕੇ ਭਾਲਿਆ ਗਿਆ ਪਰ ਨਦੀ 'ਚ ਪਾਣੀ ਦੇ ਉੱਚ ਪੱਧਰ ਕਰਕੇ ਇਸ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਵਿੱਚ ਰੁਕਾਵਟ ਪਾਈ ਗਈ। ਅਖੀਰ ਪੁਲਸ ਦੀਆਂ ਮਾਹਿਰ ਗੋਤਾਖੋਰ ਟੀਮਾਂ ਦੁਆਰਾ ਸ਼ਨੀਵਾਰ ਸਵੇਰੇ ਕਰੀਬ 10.30 ਵਜੇ ਪਾਣੀ ਵਿੱਚ ਦਾਖਲ ਹੋਣ ਤੋਂ ਬਾਅਦ ਇੱਕ ਆਦਮੀ ਅਤੇ ਬੀਬੀ ਦੀਆਂ ਲਾਸ਼ਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਣ ਵਿੱਚ ਕਾਮਯਾਬੀ ਪ੍ਰਾਪਤ ਹੋਈ। ਇਹਨਾਂ ਲਾਸ਼ਾਂ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋ ਸਕੀ ਹੈ ਪਰ ਰਿਸ਼ਤੇਦਾਰਾਂ ਨੂੰ ਅਧਿਕਾਰੀਆਂ ਦੁਆਰਾ ਸੂਚਿਤ ਕੀਤਾ ਗਿਆ ਹੈ। ਇਸ ਰਿਕਵਰੀ ਆਪ੍ਰੇਸ਼ਨ ਦੀ ਅਗਵਾਈ ਕਰ ਰਹੇ ਇੰਸਪੈਕਟਰ ਟਿਮ ਰਿੰਗਰ ਅਨੁਸਾਰ ਇਹ ਤਲਾਸ਼ ਮੁਹਿੰਮ ਬਹੁਤ ਸਾਰੀਆਂ ਏਜੰਸੀਆਂ ਦੇ ਦਰਜਨਾਂ ਕਰਮਚਾਰੀਆਂ ਲਈ ਕਾਫੀ ਗੁੰਝਲਦਾਰ ਰਹੀ ਹੈ।