ਯੂਕੇ: ਅਫ਼ਗਾਨ ਸ਼ਰਨਾਰਥੀਆਂ ਦੀ ਹੋਟਲਾਂ ਵਿਚਲੀ ਰਿਹਾਇਸ਼ ਰਹਿ ਸਕਦੀ ਹੈ ਜਾਰੀ

09/23/2021 4:53:19 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਅਫ਼ਗਾਨਿਸਤਾਨ ਤੋਂ ਸੁਰੱਖਿਅਤ ਕੱਢ ਕੇ ਲਿਆਂਦੇ ਗਏ ਹਜ਼ਾਰਾਂ ਸ਼ਰਨਾਰਥੀਆਂ ਨੂੰ ਹੋਟਲਾਂ ਵਿਚ ਰਿਹਾਇਸ਼ ਮੁਹੱਈਆ ਕਰਵਾਈ ਗਈ ਹੈ ਅਤੇ ਇਹ ਰਿਹਾਇਸ਼ ਫਿਲਹਾਲ ਕੁੱਝ ਮਹੀਨਿਆਂ ਤੱਕ ਜਾਰੀ ਰਹਿ ਸਕਦੀ ਹੈ। ਇਸ ਸਬੰਧੀ ਗ੍ਰਹਿ ਦਫ਼ਤਰ ਨੇ ਸੰਕੇਤ ਦਿੱਤਾ ਹੈ ਕਿ 7,000 ਅਫ਼ਗਾਨ ਸ਼ਰਨਾਰਥੀਆਂ ਵਿੱਚੋਂ ਜਿਨ੍ਹਾਂ ਨੂੰ ਇਸ ਵੇਲੇ ਹੋਟਲਾਂ ਵਿਚ ਰੱਖਿਆ ਗਿਆ ਹੈ, ਉਨ੍ਹਾਂ ਦੇ ਅਜੇ ਵੀ ਸਾਲ ਦੇ ਅੰਤ ਤੱਕ ਹੋਟਲ ਵਿਚ ਰਹਿਣ ਦੀ ਸੰਭਾਵਨਾ ਹੈ।

ਵਿਭਾਗ ਦੇ ਅਧਿਕਾਰੀ ਮੈਥਿਊ ਰਾਇਕ੍ਰਾਫਟ ਨੇ ਬੁੱਧਵਾਰ ਨੂੰ ਦੱਸਿਆ ਕਿ ਉਹ ਅਫ਼ਗਾਨਿਸਤਾਨ ਤੋਂ ਆਏ ਸ਼ਰਨਾਰਥੀਆਂ ਨੂੰ 2 ਮਹੀਨਿਆਂ ਦੇ ਅੰਦਰ ਹੋਟਲਾਂ ਤੋਂ ਹੋਰ ਸਥਾਈ ਰਿਹਾਇਸ਼ਾਂ ਵਿਚ ਤਬਦੀਲ ਕਰਨ ਦੀ ਪ੍ਰਕਿਰਿਆ ਦੀ ਉਮੀਦ ਕਰਦੇ ਹਨ, ਪਰ ਕੁੱਝ ਲੋਕਾਂ ਲਈ ਇਸ ਕਾਰਵਾਈ ਨੂੰ ਜ਼ਿਆਦਾ ਸਮਾਂ ਲੱਗੇਗਾ। ਯੂਕੇ ਸਰਕਾਰ ਅਨੁਸਾਰ ਮੌਜੂਦਾ ਅਫ਼ਗਾਨ ਸ਼ਰਨਾਰਥੀਆਂ ਦੇ ਇਲਾਵਾ ਪਹਿਲਾਂ ਦੇ ਅਫ਼ਗਾਨੀ ਸ਼ਰਨਾਰਥੀ ਵੀ ਹੋਟਲਾਂ ਵਿਚ ਰਹਿ ਰਹੇ ਹਨ।

ਸਰਕਾਰ ਦੇ ਅੰਕੜਿਆਂ ਅਨੁਸਾਰ ਪਨਾਹ ਮੰਗਣ ਵਾਲੇ 70 ਦੇ ਕਰੀਬ ਇਕੱਲੇ ਬੱਚਿਆਂ ਨੂੰ ਵੀ ਹੋਟਲਾਂ ਵਿਚ ਰੱਖਿਆ ਜਾ ਰਿਹਾ ਹੈ, ਜਿਨ੍ਹਾਂ ਵਿਚੋਂ 16 ਦੀ ਉਮਰ 16 ਸਾਲ ਤੋਂ ਘੱਟ ਹੈ। ਗ੍ਰਹਿ ਦਫ਼ਤਰ ਅਨੁਸਾਰ ਘੱਟੋ-ਘੱਟ 100 ਕੌਂਸਲਾਂ ਸ਼ਰਨਾਰਥੀਆਂ ਦੀ ਸਥਾਈ ਰਿਹਾਇਸ਼ ਦੀ ਪੇਸ਼ਕਸ਼ ਕਰਨ ਲਈ ਅੱਗੇ ਆਈਆਂ ਹਨ ਅਤੇ ਹੋਰ ਸਥਾਨਕ ਅਧਿਕਾਰੀਆਂ ਨੂੰ ਸਥਾਈ ਘਰ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਵਿਚ ਅੱਗੇ ਵਧਣ ਅਤੇ ਸਹਾਇਤਾ ਕਰਨ ਲਈ ਕਿਹਾ ਗਿਆ ਹੈ।


cherry

Content Editor

Related News