ਯੂ. ਕੇ. : ਗੁਲਾਮ ਵਪਾਰੀ ਐਡਵਰਡ ਕੋਲਸਟਨ ਦਾ ਬੁੱਤ ਅਜਾਇਬਘਰ ’ਚ ਹੋਵੇਗਾ ਪ੍ਰਦਰਸ਼ਿਤ

Friday, Jun 04, 2021 - 04:00 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ਦੇ ਬ੍ਰਿਸਟਲ ’ਚ ਪਿਛਲੇ ਸਾਲ ‘ਬਲੈਕ ਲਾਈਵਜ਼ ਮੈਟਰ’ ਪ੍ਰਦਰਸ਼ਨਕਾਰੀਆਂ ਵੱਲੋਂ ਢਾਹਿਆ ਗਿਆ ਗੁਲਾਮ ਵਪਾਰੀ ਐਡਵਰਡ ਕੋਲਸਟਨ ਦਾ ਬੁੱਤ ਜਨਤਕ ਪ੍ਰਦਰਸ਼ਨੀ ਲਈ ਅਜਾਇਬਘਰ ’ਚ ਰੱਖਿਆ ਜਾਵੇਗਾ।
ਇਸ ਪ੍ਰਦਰਸ਼ਨੀ ਦੌਰਾਨ ਪ੍ਰਸ਼ਾਸਨ ਵੱਲੋਂ ਇਸ ਬੁੱਤ ਦਾ ਭਵਿੱਖ ਨਿਰਧਾਰਤ ਕਰਨ ਲਈ ਲੋਕਾਂ ਦੀ ਰਾਏ ਵੀ ਲਈ ਜਾਵੇਗੀ। ਪਿਛਲੇ ਸਾਲ ਜੂਨ ’ਚ ਅਮਰੀਕਾ ’ਚ ਕਾਲੇ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਹੱਤਿਆ ਦੇ ਮੱਦੇਨਜ਼ਰ ਬ੍ਰਿਸਟਲ ’ਚ ਸਥਿਤ ਕੋਲਸਟਨ ਦੇ ਇਸ ਬੁੱਤ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਪੁੱਟ ਕੇ ਨਦੀ ’ਚ ਸੁੱਟ ਦਿੱਤਾ ਗਿਆ ਸੀ। ਕੋਲਸਟਨ 17ਵੀਂ ਸਦੀ ਦੇ ਗੁਲਾਮ ਵਪਾਰੀ ਵਜੋਂ ਜਾਣਿਆ ਜਾਂਦਾ ਸੀ।

ਉਸ ਦੇ ਬੁੱਤ ਨੂੰ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਦੇ ਤਹਿਤ 7 ਜੂਨ ਨੂੰ ਇਸ ਨੂੰ ਗਲੀਆਂ ਵਿੱਚ ਘੁਮਾਉਣ ਤੋਂ ਬਾਅਦ ਬ੍ਰਿਸਟਲ ਬੰਦਰਗਾਹ ’ਚ ਪੇਰੋ ਬ੍ਰਿਜ ਵਿਖੇ ਸੁੱਟ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਬ੍ਰਿਸਟਲ ਸਿਟੀ ਕੌਂਸਲ ਵੱਲੋਂ ਇਸ ਨੂੰ ਪਾਣੀ ’ਚੋਂ ਕੱਢ ਕੇ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਹੁਣ ਲੱਗਭਗ ਇੱਕ ਸਾਲ ਬਾਅਦ ਇਹ ਬੁੱਤ ਐੱਮ. ਸ਼ੈੱਡ ਅਜਾਇਬਘਰ ’ਚ ਇੱਕ ਅਸਥਾਈ ਪ੍ਰਦਰਸ਼ਨੀ ਦਾ ਹਿੱਸਾ ਬਣੇਗਾ। ਇਸ ਦੌਰਾਨ ਯਾਤਰੀਆਂ ਨੂੰ ਵੀ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਜਾਵੇਗਾ ਕਿ ਭਵਿੱਖ ’ਚ ਮੂਰਤੀ ਦਾ ਕੀ ਬਣੇਗਾ, ਜਿਸ ’ਚ ਇਸ ਨੂੰ ਪੂਰੀ ਤਰ੍ਹਾਂ ਜਨਤਕ ਪ੍ਰਦਰਸ਼ਨੀ ਤੋਂ ਹਟਾਉਣਾ, ਇਸ ਬਾਰੇ ਇੱਕ ਅਜਾਇਬਘਰ ਜਾਂ ਪ੍ਰਦਰਸ਼ਨੀ ਬਣਾਉਣਾ ਜਾਂ ਬੁੱਤ ਨੂੰ ਸਥਾਪਿਤ ਕਰਨਾ ਸ਼ਾਮਲ ਹੈ। ਇਸ ਪ੍ਰਦਰਸ਼ਨੀ ਦਾ ਇੱਕ ਆਨਲਾਈਨ ਐਡੀਸ਼ਨ ਵੀ ਉਪਲੱਬਧ ਹੋਵੇਗਾ ਅਤੇ ਇਸ ਦਾ ਜਨਤਕ ਸਰਵੇਖਣ ਕੀਤਾ ਜਾਵੇਗਾ, ਜਿਸ ਦੇ ਨਤੀਜੇ ਇਕ ਕਮਿਸ਼ਨ ਨਾਲ ਸਾਂਝੇ ਕੀਤੇ ਜਾਣਗੇ।


Manoj

Content Editor

Related News