ਖਰਾਬ ਮੌਸਮ ਕਾਰਨ UAE ਦੇ ਰਾਸ਼ਟਰਪਤੀ ਦਾ ਇਸਲਾਮਾਬਾਦ ਦੌਰਾ ਮੁਲਤਵੀ

Monday, Jan 30, 2023 - 05:34 PM (IST)

ਖਰਾਬ ਮੌਸਮ ਕਾਰਨ UAE ਦੇ ਰਾਸ਼ਟਰਪਤੀ ਦਾ ਇਸਲਾਮਾਬਾਦ ਦੌਰਾ ਮੁਲਤਵੀ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਦੌਰੇ ‘ਤੇ ਆਏ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਖ਼ਰਾਬ ਮੌਸਮ ਕਾਰਨ ਇਸਲਾਮਾਬਾਦ ਦਾ ਆਪਣਾ ਇੱਕ ਦਿਨਾ ਦੌਰਾ ਮੁਲਤਵੀ ਕਰ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਤੇਲ-ਅਮੀਰ ਖਾੜੀ ਦੇਸ਼ ਦੇ ਨੇਤਾ ਦਾ ਇੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਸੀ, ਜਿਸ ਵਿਚ ਦੁਵੱਲੇ ਸਬੰਧਾਂ ਅਤੇ ਨਕਦੀ ਦੀ ਤੰਗੀ ਨਾਲ ਜੂਝ ਰਹੇ ਦੇਸ਼ ਵਿੱਚ ਯੂ.ਏ.ਈ. ਦੇ ਨਿਵੇਸ਼ ਨੂੰ ਹੁਲਾਰਾ ਦੇਣ ਬਾਰੇ ਚਰਚਾ ਹੋਣੀ ਸੀ। 

ਪੜ੍ਹੋ ਇਹ ਅਹਿਮ ਖ਼ਬਰ- 'ਚੰਨ' 'ਤੇ ਕਬਜ਼ਾ ਕਰਨ ਦੀ ਤਿਆਰੀ 'ਚ ਚੀਨ, ਨਾਸਾ ਦੀ ਵਧੀ ਚਿੰਤਾ

ਇਸਲਾਮਾਬਾਦ 'ਚ ਐਤਵਾਰ ਰਾਤ ਤੋਂ ਤੇਜ਼ ਹਵਾਵਾਂ ਨਾਲ ਮੀਂਹ ਪੈ ਰਿਹਾ ਹੈ, ਜਿਸ ਕਾਰਨ ਨਾਹਯਾਨ ਦੇ ਜਹਾਜ਼ ਦਾ ਇੱਥੇ ਉਤਰਨਾ ਅਸੰਭਵ ਹੋ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਇੱਕ ਬਿਆਨ ਵਿੱਚ ਕਿਹਾ ਕਿ "ਖਰਾਬ ਮੌਸਮ ਕਾਰਨ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੀ ਅੱਜ ਲਈ ਪ੍ਰਸਤਾਵਿਤ ਦੋਸਤ ਦੇਸ਼ ਪਾਕਿਸਤਾਨ ਦੀ ਯਾਤਰਾ ਬਾਅਦ ਦੀ ਤਾਰੀਖ ਲਈ ਮੁਲਤਵੀ ਕਰ ਦਿੱਤੀ ਗਈ ਹੈ।" ਪੀਐਮਓ ਨੇ ਕਿਹਾ ਕਿ ਯਾਤਰਾ ਨੂੰ ਮੁੜ ਨਿਰਧਾਰਤ ਕੀਤਾ ਜਾਵੇਗਾ ਅਤੇ ਨਵੀਆਂ ਤਾਰੀਖਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। 
ਉੱਧਰ ਸ਼ਰੀਫ਼ ਨੇ ਕਿਹਾ ਕਿ ਮਹਿਮਾਨਾਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲ ਹੈ ਅਤੇ ਮੌਸਮ ਦੇ ਖ਼ਰਾਬ ਰਹਿਣ ਕਾਰਨ ਜੋਖਮ ਨਹੀਂ ਉਠਾਇਆ ਜਾ ਸਕਦਾ। ਪ੍ਰਧਾਨ ਮੰਤਰੀ ਸ਼ਰੀਫ ਅਤੇ ਸੰਘੀ ਕੈਬਨਿਟ ਦੇ ਮੈਂਬਰਾਂ ਨੇ ਸੋਮਵਾਰ ਨੂੰ ਪਾਕਿਸਤਾਨੀ ਹਵਾਈ ਸੈਨਾ ਦੇ ਨੂਰ ਖਾਨ ਏਅਰਬੇਸ 'ਤੇ ਯੂ.ਏ.ਈ. ਦੇ ਰਾਸ਼ਟਰਪਤੀ ਦਾ ਸਵਾਗਤ ਕਰਨਾ ਸੀ। ਯੂ.ਏ.ਈ. ਦੇ ਰਾਸ਼ਟਰਪਤੀ 25 ਜਨਵਰੀ ਨੂੰ ਨਿੱਜੀ ਦੌਰੇ 'ਤੇ ਦੇਸ਼ ਦੇ ਪੰਜਾਬ ਸੂਬੇ ਦੇ ਰਹੀਮ ਯਾਰ ਖਾਨ ਪਹੁੰਚੇ ਸਨ, ਜਿਸ ਦੌਰਾਨ ਉਨ੍ਹਾਂ ਨੇ ਗੱਲਬਾਤ ਲਈ ਸ਼ਰੀਫ ਨਾਲ ਸੰਖੇਪ ਮੁਲਾਕਾਤ ਕੀਤੀ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News