ਜਾਪਾਨ ''ਚ ''ਹਾਈਸ਼ੇਨ'' ਦੀ ਦਸਤਕ, ਤੇਜ਼ ਹਵਾਵਾਂ ਤੇ ਭਾਰੀ ਮੀਂਹ
Sunday, Sep 06, 2020 - 08:03 PM (IST)
ਟੋਕੀਓ: ਜਾਪਾਨ ਵਿਚ ਇਕ ਹਫਤੇ ਦੇ ਅੰਦਰ ਦੂਜੀ ਵਾਰ ਸ਼ਕਤੀਸ਼ਾਲੀ ਚੱਕਰਵਾਤੀ ਤੂਫਾਨ ਦੇ ਨਾਲ ਐਤਵਾਰ ਨੂੰ ਦੱਖਣੀ ਟਾਪੂਆਂ 'ਤੇ ਜ਼ੋਰਦਾਰ ਹਵਾਵਾਂ ਚੱਲੀਆਂ ਤੇ ਮੀਂਹ ਪਿਆ। ਇਸ ਨਾਲ ਘਰਾਂ ਦੀਆਂ ਛੱਤਾਂ ਉੱਡ ਗਈਆਂ ਤੇ ਬਿਜਲੀ ਸਪਲਾਈ ਠੱਪ ਹੋ ਗਈ। ਮੌਸਮ ਅਧਿਕਾਰੀਆਂ ਨੇ ਭਿਆਨਕ ਮੀਂਹ ਦੀ ਚਿਤਾਵਨੀ ਦਿੱਤੀ ਸੀ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਸ਼ਰਣ ਲੈਣ ਤੇ ਖਾਣਾ-ਪਾਣੀ ਜਮਾ ਕਰਨ ਦੇ ਲਈ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਗਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਦੱਖਣ-ਪੱਛਮੀ ਟਾਪੂ ਕਿਯੂਸ਼ੂ ਵਿਚ ਕਈ ਨਦੀਆਂ ਉਫਾਨ 'ਤੇ ਹਨ। ਸਰਕਾਰੀ ਚੈਨਲ ਐੱਨ.ਐੱਚ.ਕੇ. ਟੀਵੀ ਨੇ ਕਿਹਾ ਕਿ ਓਕਿਨਾਵਾ ਤੇ ਕਿਯੂਸ਼ੂ ਵਿਚ 50 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਇਲਾਕਾ ਛੱਡਣ ਦੇ ਲਈ ਚਿਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ। ਚੈਨਲ ਦੀ ਫੁਟੇਜ ਵਿਚ ਕਿਯੂਸ਼ੂ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਮਾ ਹੁੰਦੇ ਦੇਖਿਆ ਜਾ ਸਕਦਾ ਹੈ। ਸ਼ਾਮ ਨੂੰ ਇਥੇ ਹਵਾਵਾਂ ਦੀ ਰਫਤਾਰ ਬਹੁਤ ਵਧੇਰੇ ਹੋ ਸਕਦੀ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਸਮਾਜਿਕ ਦੂਰੀ ਦਾ ਵੀ ਖਿਆਲ ਰੱਖਿਆ ਜਾਵੇਗਾ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ 162 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀਆਂ ਹਵਾਵਾਂ ਦੇ ਨਾਲ ਚੱਕਰਵਾਤੀ ਤੂਫਾਨ 'ਹਾਈਸ਼ੇਨ' ਆਇਆ। ਹਾਈਸ਼ੇਨ ਦਾ ਮਤਲਬ ਚੀਨੀ ਭਾਸ਼ਾ ਵਿਚ 'ਸਮੁੰਦਰੀ ਦੇਵਤਾ' ਹੁੰਦਾ ਹੈ।