ਕੈਨੇਡਾ ਦੇ ਬੈਂਕ ’ਚ ਬੰਦੂਕਧਾਰੀਆਂ ਨੇ ਕੀਤੀ ਫਾਇਰਿੰਗ, 6 ਪੁਲਸ ਮੁਲਾਜ਼ਮ ਜ਼ਖ਼ਮੀ, ਹਮਲਾਵਰ ਢੇਰ
Thursday, Jun 30, 2022 - 03:41 PM (IST)
ਮਾਂਟਰੀਅਲ- ਕੈਨੇਡਾ ਵਿਚ ਮੰਗਲਵਾਰ ਨੂੰ ਇਕ ਬੈਂਕ ਵਿਚ ਹੋਈ ਗੋਲੀਬਾਰੀ ਵਿਚ ਪੁਲਸ ਨੇ 2 ਬੰਦੂਕਧਾਰੀਆਂ ਨੂੰ ਢੇਰ ਕਰ ਦਿੱਤਾ। ਇਹ ਘਟਨਾ ਬ੍ਰਿਟਿਸ਼ ਕੋਲੰਬੀਆ ਵਿਚ ਸਥਿਤ ਬੈਂਕ ਆਫ ਮਾਂਟਰੀਅਲ ਵਿਚ ਹੋਈ ਹੈ। ਇਸ ਗੋਲੀਬਾਰੀ ਵਿਚ 6 ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਪੁਲਸ ਮੁਤਾਬਕ ਕੈਨੇਡਾ ਦੇ ਸਾਨਿਚ ਸਥਿਤ ਬੈਂਕ ਆਫ ਮਾਂਟਰੀਅਲ 'ਚ ਮੰਗਲਵਾਰ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ 11 ਵਜੇ ਤੱਕ ਬੈਂਕ ਪਹੁੰਚ ਗਈ। ਤੁਹਾਨੂੰ ਦੱਸ ਦਈਏ ਕਿ ਜਿਸ ਜਗ੍ਹਾ 'ਤੇ ਬੈਂਕ ਸਥਿਤ ਹੈ, ਉੱਥੇ ਅਮਰੀਕਾ ਦੇ ਵਾਸ਼ਿੰਗਟਨ ਦੀ ਸਰਹੱਦ ਲੱਗਦੀ ਹੈ।
ਪੁਲਸ ਮੁਤਾਬਕ ਬੈਂਕ ਨੇੜੇ ਭਾਰੀ ਪੁਲਸ ਤਾਇਨਾਤ ਕੀਤੀ ਗਈ ਸੀ। ਅਪਰਾਧੀਆਂ ਦੀ ਗੱਡੀ ਬੈਂਕ ਦੇ ਕੋਲ ਖੜ੍ਹੀ ਸੀ, ਜਿਸ ਵਿੱਚ ਵਿਸਫੋਟਕ ਹੋਣ ਦੀ ਖ਼ਬਰ ਮਗਰੋਂ ਆਸ-ਪਾਸ ਦੇ ਇਲਾਕੇ ਖਾਲ੍ਹੀ ਕਰਵਾ ਲਏ ਗਏ। ਬੰਬ ਕਾਰਨ ਕਾਫੀ ਦੇਰ ਤੱਕ ਸੜਕਾਂ ਬੰਦ ਰਹੀਆਂ। ਸਾਨਿਚ ਪੁਲਸ ਦੇ ਮੁਖੀ ਡੀਨ ਡੂਥੀ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਸ਼ੱਕੀ ਬੰਦੂਕਧਾਰੀ ਵੱਡੇ ਹਥਿਆਰਾਂ ਨਾਲ ਲੈਸ ਸਨ ਅਤੇ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਬਾਡੀ ਆਰਮਰ ਪਹਿਨੇ ਹੋਏ ਸਨ। ਇਸ ਗੋਲੀਬਾਰੀ 'ਚ ਪੁਲਸ ਨੇ ਬੰਦੂਕਧਾਰੀਆਂ ਨੂੰ ਢੇਰ ਕਰ ਦਿੱਤਾ, ਜਦਕਿ ਇਸ ਪੂਰੀ ਕਾਰਵਾਈ 'ਚ 6 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਉਦੈਪੁਰ ਦਰਜੀ ਕਤਲਕਾਂਡ ‘ਚ ਪਾਕਿ ਦਾ ਬਿਆਨ ਆਇਆ ਸਾਹਮਣੇ, ਦਿੱਤੀ ਤਿੱਖੀ ਪ੍ਰਤੀਕਿਰਿਆ