ਟੀ.ਵੀ. ਚੈਨਲਾਂ ਨੇ ਰੋਕਿਆ ਟਰੰਪ ਦਾ ਲਾਈਵ ਭਾਸ਼ਣ

11/07/2020 1:47:15 AM

ਵਾਸ਼ਿੰਗਟਨ - ਅਮਰੀਕਾ ਦਾ ਰਾਸ਼ਟਰਪਤੀ ਕੌਣ ਬਣੇਗਾ, ਨੂੰ ਲੈ ਕੇ ਵੋਟਾਂ ਵਾਲੇ ਦਿਨ ਤੋਂ ਤਿੰਨ ਦਿਨ ਬਾਅਦ ਵੀ ਤਸਵੀਰ ਸ਼ੁੱਕਰਵਾਰ ਰਾਤ ਦੇਰ ਗਏ ਤੱਕ ਸਪੱਸ਼ਟ ਨਹੀਂ ਹੋ ਸਕੀ ਸੀ। ਚੋਣਾਂ ਵਿਚ ਆਪਣੀ ਹਾਰ ਨੂੰ ਵੇਖਦਿਆਂ ਟਰੰਪ ਕਥਿਤ ਤੌਰ 'ਤੇ ਇਕ ਤੋਂ ਬਾਅਦ ਇਕ 'ਝੂਠ' ਬੋਲ ਰਹੇ ਸਨ, ਜਿਸ ਤੋਂ ਤੰਗ ਆ ਕੇ ਅਮਰੀਕਾ ਦੇ ਐੱਮ.ਐੱਸ.ਐੱਨ.ਬੀ. ਸੀ., ਏ.ਬੀ.ਸੀ., ਸੀ.ਬੀ.ਐੱਸ. ਅਤੇ ਐੱਨ.ਬੀ.ਸੀ. ਵਰਗੇ ਕਈ ਟੀ.ਵੀ. ਚੈਨਲਾਂ ਨੇ ਉਨ੍ਹਾਂ ਦਾ ਲਾਈਵ ਭਾਸ਼ਣ ਰੋਕ ਦਿੱਤਾ। ਸੀ.ਐੱਨ.ਐੱਨ. ਅਤੇ ਫਾਕਸ ਨਿਊਜ਼ ਨੇ ਟਰੰਪ ਦਾ ਪੂਰਾ ਭਾਸ਼ਣ ਲਾਈਵ ਟੈਲੀਕਾਸਟ ਕੀਤਾ।
ਟੀ.ਵੀ. ਚੈਨਲਾਂ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਗਲਤ ਸੂਚਨਾਵਾਂ ਫੈਲਾਅ ਰਹੇ ਹਨ। ਇਸ ਤੋਂ ਪਹਿਲਾਂ ਟਰੰਪ ਨੇ ਚੋਣਾਂ ਵਾਲੀ ਰਾਤ ਤੋਂ ਬਾਅਦ ਪਹਿਲੀ ਵਾਰ ਦਿੱਤੇ ਆਪਣੇ 17 ਮਿੰਟ ਦੇ ਭਾਸ਼ਣ ਦੌਰਾਨ ਕਈ ਵਾਰ ਭੜਕਾਊ ਬਿਆਨ ਦਿੱਤੇ ਅਤੇ ਤੱਥਹੀਣ ਦਾਅਵੇ ਕੀਤੇ।

ਬਾਈਡੇਨ ਨੂੰ ਹੁਣ ਤੱਕ 50.5 ਫੀਸਦੀ ਵੋਟਾਂ
ਫਾਕਸ ਨਿਊਜ਼ ਦੇ ਅੰਕੜਿਆਂ ਮੁਤਾਬਕ ਬਾਈਡੇਨ ਨੂੰ ਹੁਣ ਤੱਕ ਕੁੱਲ 73,488,248 ਵੋਟਾਂ ਹਾਸਲ ਹੋਈਆਂ ਹਨ, ਜੋ ਕੁੱਲ ਵੋਟਾਂ ਦਾ 50.5 ਫੀਸਦੀ ਹਨ। ਦੂਜੇ ਪਾਸੇ ਟਰੰਪ ਨੂੰ 47.9 ਫੀਸਦੀ ਵੋਟ ਸ਼ੇਅਰ ਨਾਲ 69,622,407 ਵੋਟਾਂ ਮਿਲੀਆਂ ਹਨ।

ਰਿਕਾਰਡ ਪੋਲਿੰਗ
ਅਮਰੀਕਾ ਵਿਚ ਇਸ ਸਾਲ ਹੋਈ ਰਾਸ਼ਟਰਪਤੀ ਦੀ ਚੋਣ ਵਿਚ ਲਗਭਗ 16 ਕਰੋੜ ਲੋਕਾਂ ਨੇ ਵੋਟ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ, ਜੋ ਇਕ ਰਿਕਾਰਡ ਹੈ। ਚੋਣਾਂ 'ਤੇ ਨਜ਼ਰ ਰੱਖਣ ਵਾਲੀ ਸਾਈਟ 'ਯੂ.ਐੱਸ ਇਲੈਕਸ਼ਨ ਪ੍ਰਾਜੈਕਟ' ਦੇ ਮੁੱਢਲੇ ਅਨੁਮਾਨ ਮੁਤਾਬਕ ਇਸ ਸਾਲ 23 ਕਰੋੜ 90 ਲੱਖ ਵਿਅਕਤੀ ਵੋਟ ਪਾਉਣ ਦੇ ਯੋਗ ਸਨ। ਉਨ੍ਹਾਂ ਵਿਚੋਂ ਲਗਭਗ 16 ਕਰੋੜ ਲੋਕਾਂ ਨੇ ਵੋਟ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ।

ਬਾਈਡੇਨ ਨੇ ਬਣਾਈ ਫੈਸਲਾਕੁੰਨ ਲੀਡ
ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਾਈਡੇਨ ਨੇ 264 ਚੋਣ ਮੰਡਲ ਵੋਟਾਂ ਨਾਲ ਫੈਸਲਾਕੁੰਨ ਲੀਡ ਬਣਾ ਲਈ ਹੈ। ਮੌਜੂਦਾ ਰਾਸ਼ਟਰਪਤੀ ਅਤੇ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ 214 ਵੋਟਾਂ ਨਾਲ ਵ੍ਹਾਈਟ ਹਾਊਸ ਦੀ ਦੌੜ ਵਿਚ ਪੱਛੜਦੇ ਨਜ਼ਰ ਆ ਰਹੇ ਹਨ। ਟਰੰਪ ਕਾਨੂੰਨੀ ਲੜਾਈ ਦੇ ਫੈਸਲੇ 'ਤੇ ਅੱਗੇ ਵੱਧ ਗਏ ਹਨ।
ਦੂਜੇ ਪਾਸੇ ਉਨ੍ਹਾਂ ਦੇ ਹਮਾਇਤੀ ਧਾਂਦਲੀਆਂ ਦਾ ਦੋਸ਼ ਲਾਉਂਦੇ ਹੋਏ ਕਈ ਸੂਬਿਆਂ ਵਿਚ ਵੋਟਾਂ ਦੀ ਗਿਣਤੀ ਵਾਲੇ ਕੇਂਦਰਾਂ ਦੇ ਬਾਹਰ ਜੁੱਟ ਗਏ ਹਨ। ਹਮਾਇਤੀਆਂ ਨੇ ਕਈ ਥਾਈਂ ਹੰਗਾਮੇ ਕੀਤੇ। ਟਰੰਪ ਉੱਤਰੀ ਕੈਰੋਲੀਨਾ ਵਿਚ ਅੱਗੇ ਚੱਲ ਰਹੇ ਹਨ, ਜਦੋਂ ਕਿ ਨੇਵਾਦਾ ਅਤੇ ਐਰੀਜ਼ੋਨਾ ਵਿਖੇ ਬਾਈਡੇਨ ਅੱਗੇ ਹਨ। 16 ਇਲੈਕਟੋਰਲ ਵੋਟਾਂ ਵਾਲੇ ਜਾਰਜੀਆ ਵਿਚ ਬਾਈਡੇਨ ਨੇ ਟਰੰਪ 'ਤੇ ਲੀਡ ਹਾਸਲ ਕਰ ਲਈ ਹੈ।
ਜਾਰਜੀਆ ਤੋਂ ਬਾਅਦ ਸਭ ਦੀ ਨਜ਼ਰ ਪੈਨੇਸਿਲਵੇਨੀਆ 'ਤੇ ਟਿਕੀ ਹੋਈ ਹੈ ਕਿਉਂਕਿ ਉਥੇ 20 ਇਲੈਕਟੋਰਲ ਵੋਟਾਂ ਹਨ। ਜੇ ਇਥੋਂ ਬਾਈਡੇਨ ਜਿੱਤਦੇ ਹਨ ਤਾਂ ਉਹ ਆਰਾਮ ਨਾਲ 270 ਦੇ ਜਾਦੂਈ ਅੰਕੜੇ ਨੂੰ ਪਾਰ ਕਰ ਜਾਣਗੇ। ਉਨ੍ਹਾਂ ਵਿਸਕਾਨਸਿਨ ਅਤੇ ਮਿਸ਼ੀਗਨ ਵਿਖੇ ਜਿੱਤ ਹਾਸਲ ਕਰ ਲਈ ਹੈ। ਇਸ ਮੁਕਾਬਲੇ ਵਿਚ ਜਿੱਤ ਕਿਸ ਦੀ ਹੋਵੇਗੀ, ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗਾ ਕਿਉਂਕਿ ਹਜ਼ਾਰਾਂ ਵੋਟਾਂ ਦੀ ਗਿਣਤੀ ਅਜੇ ਬਾਕੀ ਹੈ।

ਡੈਮੋਕ੍ਰੇਟਿਕ ਪਾਰਟੀ ਧਾਂਦਲੀ ਨਾਲ ਜਿੱਤਣਾ ਚਾਹੁੰਦੀ ਹੈ ਚੋਣ : ਟਰੰਪ
ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸੇ ਵੀ ਪੱਤਰਕਾਰ ਦੇ ਸਵਾਲ ਦੇ ਜਵਾਬ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਡੈਮੋਕ੍ਰੇਟਿਕ ਪਾਰਟੀ ਧਾਂਦਲੀ ਕਰ ਕੇ ਰਾਸ਼ਟਰਪਤੀ ਦੀ ਚੋਣ ਜਿੱਤਣਾ ਚਾਹੁੰਦੀ ਹੈ। ਉਨ੍ਹਾਂ ਆਪਣੇ ਦਾਅਵੇ ਦੇ ਹੱਕ ਵਿਚ ਕੋਈ ਸਬੂਤ ਪੇਸ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਿਰਫ ਜਾਇਜ਼ ਵੋਟਾਂ ਦੀ ਗਿਣਤੀ ਹੁੰਦੀ ਤਾਂ ਉਹ ਆਸਾਨੀ ਨਾਲ ਜਿੱਤ ਜਾਂਦੇ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਸੁਪਰੀਮ ਕੋਰਟ ਨੂੰ ਫੈਸਲਾ ਕਰਨਾ ਚਾਹੀਦਾ ਹੈ।


Khushdeep Jassi

Content Editor

Related News