ਟਿਊਮਰ ਨੂੰ ਖਤਮ ਕਰੇਗਾ ਕੈਂਸਰ ਨਾਲ ਲੜਨ ''ਚ ਸਮਰਥ ਨੈਨੋਰੋਬੋਟ

Tuesday, Feb 13, 2018 - 03:59 PM (IST)

ਟਿਊਮਰ ਨੂੰ ਖਤਮ ਕਰੇਗਾ ਕੈਂਸਰ ਨਾਲ ਲੜਨ ''ਚ ਸਮਰਥ ਨੈਨੋਰੋਬੋਟ

ਵਾਸ਼ਿੰਗਟਨ(ਭਾਸ਼ਾ)— ਵਿਗਿਆਨਕਾਂ ਨੇ ਡੀ. ਐਨ. ਏ ਓਰਿਗੇਮੀ ਦੀ ਮਦਦ ਨਾਲ ਅਜਿਹੇ ਨੈਨੋਰੋਬੋਟ ਵਿਕਸਿਤ ਕੀਤੇ ਹਨ, ਜੋ ਟਿਊਮਰ ਤੱਕ ਪਹੁੰਚਣ ਵਾਲੀ ਖੂਨ ਦੀ ਸਪਲਾਈ ਨੂੰ ਰੋਕ ਕੇ ਉਸ ਨੂੰ ਛੋਟਾ ਕਰ ਸਕਦੇ ਹਨ। ਇਸ ਤਕਨੀਕ ਜ਼ਰੀਏ ਕੈਂਸਰ ਦੇ ਨਵੇਂ-ਨਵੇਂ ਇਲਾਜ ਦੇ ਰਸਤੇ ਖੁੱਲ੍ਹ ਸਕਦੇ ਹਨ। ਹਰ ਇਕ ਨੈਨੋਰੋਬੋਟ ਚਪਟੇ, ਡੀ. ਐਨ. ਏ ਓਰਿਗੇਮੀ ਸ਼ੀਟ ਨਾਲ ਤਿਆਰ ਕੀਤਾ ਗਿਆ ਹੈ। ਇਨ੍ਹਾਂ ਦੀ ਸਤਿਹ 'ਤੇ ਥ੍ਰੋਂਬਿਨ ਨਾਮਕ ਇਨਜ਼ਾਇਮ ਹੁੰਦਾ ਹੈ, ਜੋ ਖੂਨ ਦੇ ਜੰਮਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਵਿਗਿਆਨਕਾਂ ਨੇ ਦੱਸਿਆ ਕਿ ਥ੍ਰੋਂਬਿਨ ਟਿਊਮਰ ਤੱਕ ਪਹੁੰਚਣ ਵਾਲੇ ਖੂਨ ਨੂੰ ਰੋਕਣ ਲਈ ਨਾੜੀਆਂ ਅੰਦਰ ਮੌਜੂਦ ਉਸ ਖੂਨ ਨੂੰ ਜਮਾ ਦਿੰਦਾ ਹੈ, ਜੋ ਟਿਊਮਰ ਨੂੰ ਵਧਣ ਵਿਚ ਮਦਦ ਕਰਦਾ ਹੈ। ਇਸ ਨਾਲ ਟਿਊਮਰ ਵਿਚ ਇਕ ਤਰ੍ਹਾਂ ਦਾ ਛੋਟਾ 'ਹਾਰਟ ਅਟੈਕ' ਹੁੰਦਾ ਹੈ, ਜਿਸ ਨਾਲ ਟਿਊਮਰ ਦੀਆਂ ਕੋਸ਼ਿਕਾਵਾਂ ਮਰ ਜਾਂਦੀਆਂ ਹਨ। ਅਮਰੀਕਾ ਦੀ ਅਰੀਜੋਨਾ ਸਟੇਟ ਯੂਨੀਵਰਸਿਟੀ ਦੇ ਹਾਓ ਯਾਨ ਨੇ ਕਿਹਾ, 'ਅਸੀਂ ਸਹੀ ਦਵਾਈਆਂ ਦੇ ਡਿਜ਼ਾਇਨ ਅਤੇ ਕੈਂਸਰ ਥੈਰੇਪੀ ਲਈ ਪਹਿਲਾ ਆਜ਼ਾਦ, ਡੀ. ਐਨ. ਏ ਰੋਬੋਟਿਕ ਸਿਸਟਮ ਵਿਕਸਿਤ ਕਰ ਲਿਆ ਹੈ।' ਉਨ੍ਹਾਂ ਕਿਹਾ, 'ਇਸ ਤੋਂ ਇਲਾਵਾ ਇਹ ਤਕਨੀਕ ਇਕ ਰਣਨੀਤੀ ਵੀ ਹੈ, ਜਿਸ ਨੂੰ ਕੈਂਸਰ ਦੇ ਕਈ ਪ੍ਰਕਾਰ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ, ਕਿਉਂਕਿ ਟਿਊਮਰ ਨੂੰ ਵਧਾਵਾ ਦੇਣ ਵਾਲੀਆਂ ਸਾਰੀਆਂ ਨਾੜੀਆਂ ਲੱਗਭਗ ਸਮਾਨ ਹੁਦੀਆਂ ਹਨ।'


Related News