ਟਰੰਪ ਦੀ ਚਿਤਾਵਨੀ, ਈਰਾਨ ਨੇ ਕਰ ਲਈ ਵੱਡੀ ਗਲਤੀ
Thursday, Jun 20, 2019 - 09:08 PM (IST)

ਵਾਸ਼ਿੰਗਟਨ (ਏਜੰਸੀ)- ਅਮਰੀਕਾ ਨੇ ਆਪਣੇ ਸ਼ਕਤੀਸ਼ਾਲੀ ਡਰੋਨ ਨੂੰ ਸੁੱਟੇ ਜਾਣ ਨੂੰ ਲੈ ਕੇ ਈਰਾਨ ਨੂੰ ਖੁੱਲ੍ਹੀ ਚਿਤਾਵਨੀ ਦੇ ਦਿੱਤੀ ਹੈ। ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਈਰਾਨ ਨੇ ਬਹੁਤ ਵੱਡੀ ਗਲਤੀ ਕਰ ਲਈ ਹੈ। ਦਰਅਸਲ ਈਰਾਨ ਵਲੋਂ ਅਮਰੀਕਾ ਦਾ ਇਕ ਸ਼ਕਤੀਸ਼ਾਲੀ ਡਰੋਨ ਜਾਸੂਸੀ ਦੌਰਾਨ ਸੁੱਟ ਦਿੱਤਾ ਗਿਆ ਸੀ ਜਿਸ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਪਹਿਲਾਂ ਤੋਂ ਹੀ ਚੱਲ ਰਹੇ ਤਣਾਅ ਵਾਲਾ ਮਾਹੌਲ ਹੋਰ ਗਰਮਾ ਗਿਆ ਹੈ। ਟਰੰਪ ਦੀ ਇਸ ਚਿਤਾਵਨੀ ਤੋਂ ਪਹਿਲਾਂ ਈਰਾਨ ਦੇ ਫੌਜ ਮੁਖੀ ਨੇ ਵੀ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਫੌਜ ਜੰਗ ਲਈ ਤਿਆਰ ਹੈ।
Iran made a very big mistake!
— Donald J. Trump (@realDonaldTrump) June 20, 2019
ਟਰੰਪ ਵਲੋਂ ਕੁਝ ਦੇਰ ਪਹਿਲਾਂ ਕੀਤੇ ਗਏ ਟਵੀਟ ਨੂੰ ਲੈ ਕੇ ਮੀਡੀਆ ਜਗਤ ਵਿਚ ਕਈ ਤਰ੍ਹਾਂ ਦੀਆਂ ਖਬਰਾਂ ਚੱਲ ਰਹੀਆਂ ਹਨ। ਜਿੱਥੇ ਕੁਝ ਮੀਡੀਆ ਨਾਲ ਸਬੰਧਿਤ ਲੋਕ ਸਿਰਫ ਇਸ ਨੂੰ ਅਮਰੀਕੀ ਰਾਸ਼ਟਰਪਤੀ ਦੀ ਚਿਤਾਵਨੀ ਦੱਸ ਰਹੇ ਹਨ ਉਥੇ ਹੀ ਕੁਝ ਦਾ ਕਹਿਣਾ ਹੈ ਕਿ ਟਰੰਪ ਦੀ ਇਸ ਚਿਤਾਵਨੀ ਅਤੇ ਸਖ਼ਤ ਲਹਿਜੇ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਅਮਰੀਕਾ ਈਰਾਨ ਖਿਲਾਫ ਛੇਤੀ ਹੀ ਕੋਈ ਵੱਡਾ ਐਕਸ਼ਨ ਲੈ ਸਕਦਾ ਹੈ। ਇਥੇ ਇਹ ਵੀ ਦੱਸ ਦਈਏ ਕਿ ਆਰਥਿਕ ਰੋਕਾਂ ਅਤੇ ਹਾਲ ਹੀ ਵਿਚ ਤੇਲ ਟੈਂਕਰਾਂ 'ਤੇ ਹੋਏ ਹਮਲੇ ਤੋਂ ਬਾਅਦ ਗਲਫ ਖੇਤਰ ਵਿਚ ਪਹਿਲਾਂ ਹੀ ਤਣਾਅ ਹੈ ਅਜਿਹੇ ਵਿਚ ਤਹਿਰਾਨ ਦੀ ਇਸ ਹਮਲਾਵਰ ਕਾਰਵਾਈ ਨੇ ਅਮਰੀਕਾ ਨੂੰ ਨਾਰਾਜ਼ ਕਰ ਦਿੱਤਾ ਹੈ।