ਟਰੰਪ ਨੇ ਫਿਰ ਸਾਂਝਾ ਕੀਤਾ ਹੋਰਮੁਜ਼ ਦਾ ਨਵਾਂ ਨਕਸ਼ਾ, ਦੱਸਿਆ ‘ਟਰੰਪ ਸਟ੍ਰੇਟ’
Saturday, Sep 26, 2026 - 10:28 PM (IST)
ਵਾਸ਼ਿੰਗਟਨ - ਅਮਰੀਕਾ ਤੇ ਈਰਾਨ ਦਰਮਿਆਨ ਜੰਗ ਰੁਕਣ ਦੇ ਕੋਈ ਸੰਕੇਤ ਨਜ਼ਰ ਨਹੀਂ ਅਾ ਰਿਹਾ। ਈਰਾਨ ਵੱਲੋਂ 7 ਦਿਨਾਂ ਦੀ ਜੰਗਬੰਦੀ ਨੂੰ ਰੱਦ ਕਰਨ ਤੋਂ ਬਾਅਦ ਡੋਨਾਲਡ ਟਰੰਪ ਦਾ ਗੁੱਸਾ ਮੁੜ ਭੜਕ ਗਿਆ ਹੈ। ਟਰੰਪ ਦੀਆਂ ਤਾਜ਼ਾ ਕਾਰਵਾਈਆਂ ਤੋਂ ਪਤਾ ਲਗਦਾ ਹੈ ਕਿ ਆਉਣ ਵਾਲੇ ਦਿਨਾਂ ’ਚ ਅਮਰੀਕਾ ਹੋਰ ਹਮਲਾਵਰ ਰੁਖ਼ ਅਪਣਾਏਗਾ।
ਟਰੰਪ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਨਵਾਂ ਨਕਸ਼ਾ ਸਾਂਝਾ ਕੀਤਾ ਹੈ, ਜਿਸ ’ਚ ਹੋਰਮੁਜ਼ ਸਟ੍ਰੇਟ ਦਾ ਨਾਂ ਬਦਲ ਕੇ ‘ਟਰੰਪ ਸਟ੍ਰੇਟ’ ਰੱਖਿਆ ਗਿਆ ਹੈ। ਨਕਸ਼ਾ ਈਰਾਨ ਤੇ ਯੂ. ਏ. ਈ. ਦਰਮਿਆਨ ਦੇ ਸਟ੍ਰੇਟ ਨੂੰ ਦਰਸਾਉਂਦਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਅਜਿਹਾ ਕੀਤਾ ਹੈ। ਇਸ ਮਹੀਨੇ ਦੇ ਸ਼ੁਰੂ ’ਚ ਟਰੰਪ ਨੇ ਇਹ ਦਾਅਵਾ ਕਰਦੇ ਹੋਏ ਹੋਰਮੁਜ਼ ਦਾ ਨਾਂ ਆਪਣੇ ਨਾਂ ’ਤੇ ਰੱਖਣ ਦਾ ਸੁਝਾਅ ਦਿੱਤਾ ਸੀ ਕਿ ਅਮਰੀਕਾ ਹੁਣ ਇਸ ਨੂੰ ਕੰਟਰੋਲ ਕਰਦਾ ਹੈ।
ਵ੍ਹਾਈਟ ਹਾਊਸ ਨੇ ਪਹਿਲਾਂ ਸੋਸ਼ਲ ਮੀਡੀਆ ’ਤੇ ਇਕ ਨਕਸ਼ਾ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਹਫ਼ਤੇ ਲਈ ਹੋਰਮੁਜ਼ ਨੂੰ ਦੁਬਾਰਾ ਖੋਲ੍ਹਣ ਦੀ ਤਹਿਰਾਨ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਸੀ। ਵਾਲ ਸਟਰੀਟ ਜਰਨਲ ਨੇ ਸ਼ਨੀਵਾਰ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ ਉਹ ਅਮਰੀਕਾ ’ਚ ਮੱਧਕਾਲੀ ਚੋਣਾਂ ਤੋਂ ਬਾਅਦ ਨਵੇਂ ਹਮਲੇ ਕਰਨ ’ਤੇ ਵਿਚਾਰ ਕਰ ਰਹੇ ਹਨ।
ਇਹ ਧਿਆਨ ਦੇਣ ਯੋਗ ਹੈ ਕਿ ਇਸ ਸਾਲ 28 ਫਰਵਰੀ ਨੂੰ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ’ਚ ਟਿਕਾਣਿਆਂ 'ਤੇ ਹਮਲੇ ਸ਼ੁਰੂ ਕੀਤੇ, ਜਿਸ ਨਾਲ ਈਰਾਨ ਨੂੰ ਜਵਾਬੀ ਕਾਰਵਾਈ ਕਰਨੀ ਪਈ। ਜੂਨ ਦੇ ਅੱਧ ’ਚ ਈਰਾਨ ਤੇ ਅਮਰੀਕਾ ਨੇ ਲੜਾਈ ਨੂੰ ਰੋਕਣ ਦੇ ਮੰਤਵ ਨਾਲ ਇਕ ਸਮਝੌਤੇ ’ਤੇ ਦਸਤਖਤ ਕੀਤੇ ਪਰ ਥੋੜ੍ਹੀ ਦੇਰ ਬਾਅਦ ਉਨ੍ਹਾਂ ਇਕ ਦੂਜੇ ’ਤੇ ਦੁਬਾਰਾ ਹਮਲਾ ਕੀਤਾ।
ਇਹ ਟਕਰਾਅ ਅਜੇ ਵੀ ਅਣਸੁਲਝਿਆ ਹੋਇਆ ਹੈ। ਲੜਾਈ ਰੁਕ-ਰੁਕ ਕੇ ਫਿਰ ਸ਼ੁਰੂ ਹੁੰਦੀ ਹੈ। ਹਾਲਾਂਕਿ, ਅਮਰੀਕਾ ਨੇ ਈਰਾਨ ਲਈ ਹੋਰ ਆਰਥਿਕ ਮੁਸ਼ਕਲਾਂ ਪੈਦਾ ਕਰ ਕੇ ਇਸ ਟਕਰਾਅ ਨੂੰ ਖਤਮ ਕਰਨ ਲਈ ਇਸਲਾਮੀ ਗਣਰਾਜ ’ਤੇ ਆਪਣਾ ਆਰਥਿਕ ਦਬਾਅ ਵਧਾਉਣ ਦਾ ਫੈਸਲਾ ਕੀਤਾ ਹੈ।
