ਪਾਕਿ ''ਤੇ ਟਰੰਪ ਦੀ ਵੱਡੀ ਕਾਰਵਾਈ, ਰੋਕੀ ਸੁਰੱਖਿਆ ਸਹਾਇਤਾ

Friday, Jan 05, 2018 - 04:29 AM (IST)

ਪਾਕਿ ''ਤੇ ਟਰੰਪ ਦੀ ਵੱਡੀ ਕਾਰਵਾਈ, ਰੋਕੀ ਸੁਰੱਖਿਆ ਸਹਾਇਤਾ

ਵਾਸ਼ਿੰਗਟਨ— ਅਮਰੀਕਾ ਨੇ ਅੱਤਵਾਦ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ 'ਤੇ ਸਖਤ ਕਾਰਵਾਈ ਕਰਦੇ ਹੋਏ ਉਸ ਨੂੰ ਮਿਲਣ ਵਾਲੀਆਂ ਸਾਰੀਆਂ ਸੁਰੱਖਿਆ ਸਹਾਇਤਾ 'ਤੇ ਰੋਕ ਲਗਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਵੀਰਵਾਰ ਨੂੰ ਸਾਫ ਕਿਹਾ ਕਿ ਪਾਕਿਸਤਾਨ ਵੱਲੋਂ ਆਪਣੀ ਜ਼ਮੀਨ 'ਤੇ ਜਨਮ ਲੈਣ ਵਾਲੇ ਨੈੱਟਵਰਕ 'ਤੇ ਕੋਈ ਕਾਰਵਾਈ ਨਾ ਕਰਨ ਤੋਂ ਉਹ ਨਿਰਾਸ਼ ਹਨ। ਅਮਰੀਕਾ ਨੇ ਕਿਹਾ ਕਿ ਪਾਕਿਸਤਾਨ ਜਦੋਂ ਤਕ ਆਪਣੇ ਇਥੇ ਮੌਜੂਦ ਹੱਕਾਨੀ ਨੈੱਟਵਰਕ ਤੇ ਅਫਗਾਨ ਤਾਲਿਬਾਨ ਖਿਲਾਫ ਸਖਤ ਕਾਰਵਾਈ ਨਹੀਂ ਕਰਦਾ, ਇਹ ਰੋਕ ਜਾਰੀ ਰਹੇਗੀ।
ਇਸ ਰੋਕ 'ਚ ਸਾਰੇ ਸੁਰੱਖਿਆ ਸਬੰਧੀ ਫੰਡ ਤੇ ਮਿਲਟ੍ਰੀ ਸਾਮਾਨ ਦਾ ਟ੍ਰਾਂਸਫਰ ਵੀ ਸ਼ਾਮਲ ਹੋਵੇਗਾ, ਹਾਲਾਂਕਿ ਇਸ 'ਚ ਕੁਝ ਅਪਵਾਦ ਹੋ ਸਕਦੇ ਹਨ। ਇਸ ਤੋਂ ਇਲਾਵਾ ਅਮਰੀਕਾ ਨੇ ਧਾਰਮਿਕ ਆਜ਼ਾਦੀ ਦੇ ਮਾਮਲੇ 'ਚ ਵੀ ਪਾਕਿਸਤਾਨ ਨੂੰ ਸਪੈਸ਼ਲ ਵਾਚ ਲਿਸਟ 'ਚ ਰੱਖਿਆ ਹੈ ਕਿਉਂਕਿ ਉਸ ਦਾ ਇਹ ਮੰਨਣਾ ਹੈ ਕਿ ਪਾਕਿਸਤਾਨ 'ਚ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੋ ਰਹੀ ਹੈ। ਜਾਣਕਾਰੀ ਮੁਤਾਬਕ ਪਾਕਿ ਨੂੰ ਇਨ੍ਹਾਂ ਮਿਲਣ ਵਾਲੀਆਂ ਇਨ੍ਹਾਂ ਸੇਵਾਵਾਂ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ ਤੇ ਇਸ ਪ੍ਰੋਗਰਾਮ 'ਚ ਫਿਲਹਾਲ ਕਿਸੇ ਤਰ੍ਹਾਂ ਦੇ ਬਦਲਾਅ ਹੋਣ ਦਾ ਕੋਈ ਇਰਾਦਾ ਨਹੀਂ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੀਦਰ ਨਾਵਅਰਟ ਨੇ ਇਸ ਦਾ ਐਲਾਨ ਕੀਤਾ, ਹਾਲਾਂਕਿ ਉਨ੍ਹਾਂ ਨੇ ਇਸ ਦਾ ਵੇਰਵਾ ਨਹੀਂ ਦਿੱਤਾ ਕਿ ਕੁਲ ਕਿੰਨੀ ਰਾਸ਼ੀ ਦੇ ਫੰਡ ਨੂੰ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਰਕਮ ਕਾਫੀ ਜ਼ਿਆਦਾ ਹੈ।
ਇਸ ਤੋਂ ਪਹਿਲਾਂ ਇਕ ਟਵਿਟ 'ਚ ਟਰੰਪ ਨੇ ਕਿਹਾ ਸੀ ਪਿਛਲੇ 15 ਸਾਲਾਂ 'ਚ ਅਮਰੀਕਾ ਨੇ ਪਾਕਿ ਨੂੰ 33 ਅਰਬ ਡਾਲਰ ਤੋਂ ਜ਼ਿਆਦਾ ਦੀ ਸਹਾਇਤਾ ਦਿੱਤੀ ਹੈ। ਇਸ ਦੇ ਬਾਵਜੂਦ ਪਾਕਿਸਤਾਨ ਅੱਤਵਾਦੀਆਂ ਦੀ ਸੁਰੱਖਿਆ ਪਨਾਹਗਾਹ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਕਰੀਬ 25.5 ਕਰੋੜ ਡਾਲਰ ਦੀ ਸਹਾਇਤਾ ਰਾਸੀ ਇਹ ਕਹਿ ਕੇ ਰੋਕ ਦਿੱਤੀ ਸੀ ਕਿ ਪਾਕਿਸਤਾਨ ਨੂੰ ਅੱਤਵਾਦ ਖਿਲਾਫ ਜ਼ਿਆਦਾ ਸਖਤੀ ਦਿਖਾਉਣੀ ਹੋਵੇਗੀ।


Related News