ਟਰੰਪ ਦੇ ਵਕੀਲ ਐਮੇਟ ਫਲੱਡ ਛੱਡਣਗੇ ਅਹੁਦਾ
Sunday, Jun 02, 2019 - 10:49 AM (IST)

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਵ੍ਹਾਈਟ ਹਾਊਸ ਦੇ ਵਕੀਲ ਐਮੇਟ ਫਲੱਡ ਇਸ ਮਹੀਨੇ ਆਪਣਾ ਅਹੁਦਾ ਛੱਡ ਦੇਣਗੇ। ਟਰੰਪ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਕਿਹਾ,''ਰਾਬਰਟ ਮੂਲਰ ਦੀ ਜਾਂਚ ਅਤੇ ਰਿਪੋਰਟ ਦੇ ਸਿਲਸਿਲੇ 'ਚ ਮੇਰੀ ਮਦਦ ਲਈ ਵ੍ਹਾਈਟ ਹਾਊਸ ਆਏ ਐਮੇਟ 14 ਜੂਨ ਨੂੰ ਆਪਣਾ ਅਹੁਦਾ ਛੱਡਣਗੇ। ਉਨ੍ਹਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ। ਐਮੇਟ ਮੇਰੇ ਦੋਸਤ ਹਨ ਅਤੇ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।''
ਐਮੇਟ ਨੇ ਸਾਲ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਟਰੰਪ ਦੀ ਮਦਦ ਕੀਤੀ ਸੀ। ਖਾਸ ਵਕੀਲ ਰੋਬਰਟ ਮੂਲਰ ਦੀ ਅਗਵਾਈ 'ਚ 22 ਮਹੀਨਿਆਂ ਤਕ ਚੱਲੀ ਇਸ ਜਾਂਚ 'ਚ ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਅਤੇ ਰੂਸ ਨਾਲ ਉਨ੍ਹਾਂ ਦੇ ਸਬੰਧਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਐਮੇਟ ਅਕਤੂਬਰ 2018 'ਚ ਵ੍ਹਾਈਟ ਹਾਊਸ 'ਚ ਨਿਯੁਕਤ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਵਕੀਲ ਰਾਬਰਟ ਮੂਲਰ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਅਤੇ ਰੂਸ ਵਿਚਕਾਰ ਕੋਈ ਸਬੰਧ ਨਹੀਂ ਸੀ।