ਟਰੰਪ ਦੀਆਂ ਧਮਕੀਆਂ ਵਿਚਾਲੇ ਈਰਾਨ ਨਾਲ ਆ ਖੜ੍ਹਿਆ ਪਾਕਿਸਤਾਨ ਦਾ ਦੋਸਤ !
Saturday, Jan 31, 2026 - 01:02 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਮੱਧ ਪੂਰਬ ਵਿੱਚ ਵਧਦੇ ਤਣਾਅ ਦੇ ਵਿਚਕਾਰ ਈਰਾਨ ਅਤੇ ਤੁਰਕੀ ਨੇ ਆਪਣੇ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਵੀਰਵਾਰ ਨੂੰ ਇੰਸਤਾਂਬੁਲ ਪਹੁੰਚੇ, ਜਿੱਥੇ ਉਨ੍ਹਾਂ ਨੇ ਖੇਤਰੀ ਜੰਗ ਨੂੰ ਟਾਲਣ ਲਈ ਤੁਰਕੀ ਦੇ ਲੀਡਰਾਂ ਨਾਲ ਗੁਪਤ ਅਤੇ ਸੰਵੇਦਨਸ਼ੀਲ ਗੱਲਬਾਤ ਸ਼ੁਰੂ ਕੀਤੀ ਹੈ।
ਤੁਰਕੀ, ਜੋ ਕਿ ਭਾਰਤ ਦੇ ਗੁਆਂਢੀ ਪਾਕਿਸਤਾਨ ਦਾ ਦੋਸਤ ਹੈ, ਦੇ ਵਿਦੇਸ਼ ਮੰਤਰੀ ਹਾਕਾਨ ਫਿਦਾਨ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਤੁਰਕੀ ਖ਼ੁਦ ਨੂੰ ਅਮਰੀਕਾ ਅਤੇ ਈਰਾਨ ਵਿਚਾਲੇ ਸੰਭਾਵੀ ਫ਼ੌਜੀ ਟਕਰਾਅ ਨੂੰ ਰੋਕਣ ਵਾਲੇ ਇੱਕ ਵਿਚੋਲੇ ਵਜੋਂ ਪੇਸ਼ ਕਰ ਰਿਹਾ ਹੈ। ਇਹ ਬੈਠਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਧਮਕੀ ਤੋਂ ਬਾਅਦ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨੇ ਈਰਾਨ ਵਿਰੁੱਧ "ਆਰਮਾਡਾ" (ਜੰਗੀ ਜਹਾਜ਼ਾਂ ਦਾ ਬੇੜਾ) ਭੇਜਣ ਅਤੇ ਫ਼ੌਜੀ ਕਾਰਵਾਈ ਕਰਨ ਦੀ ਗੱਲ ਕਹੀ ਸੀ। ਅਮਰੀਕਾ ਪਹਿਲਾਂ ਹੀ ਖਾੜੀ ਖੇਤਰ ਵਿੱਚ ਆਪਣੇ ਲੜਾਕੂ ਜਹਾਜ਼ ਤਾਇਨਾਤ ਕਰ ਚੁੱਕਾ ਹੈ।
ਇਸ ਤੋਂ ਇਲਾਵਾ ਅਰਾਘਚੀ ਤੁਰਕੀ ਦੇ ਰਾਸ਼ਟਰਪਤੀ ਰੈਸੇਪ ਤੈਯਪ ਏਰਦੋਗਨ ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰਾਨ ਈਰਾਨ 'ਤੇ ਅਮਰੀਕੀ ਦਬਾਅ, ਇਜ਼ਰਾਈਲ ਦੀ ਭੂਮਿਕਾ, ਗਾਜ਼ਾ ਜੰਗ ਅਤੇ ਖੇਤਰੀ ਸੁਰੱਖਿਆ ਵਰਗੇ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਈਰਾਨ ਅਤੇ ਤੁਰਕੀ ਦੋਵੇਂ ਨਹੀਂ ਚਾਹੁੰਦੇ ਕਿ ਅਮਰੀਕਾ ਨਾਲ ਟਕਰਾਅ ਖੁੱਲ੍ਹੀ ਜੰਗ ਵਿੱਚ ਬਦਲੇ, ਇਸ ਲਈ ਤੁਰਕੀ ਦੀ ਵਿਚੋਲਗੀ ਨੂੰ ਜੰਗ ਟਾਲਣ ਦੀ ਆਖਰੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
