ਟਰੰਪ ਦੇ ਟਵੀਟ ਨੇ ਦੁਚਿੱਤੀ ''ਚ ਪਾਏ ਲੋਕ, ਭਾਰਤੀਆਂ ''ਤੇ ਪਵੇਗਾ ਅਸਰ

08/27/2019 3:35:59 PM

ਲਾਸ ਏਂਜਲਸ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੀਤੇ ਇਕ ਟਵੀਟ ਨੇ ਦੁਨੀਆ ਦੀ ਟੈਨਸ਼ਨ ਵਧਾ ਦਿੱਤੀ ਹੈ ਅਤੇ ਇਸ ਦਾ ਭਾਰਤੀਆਂ 'ਤੇ ਮਾੜਾ ਅਸਰ ਪੈਣ ਵਾਲਾ ਹੈ। ਇਸ ਦਾ ਮੁੱਖ ਕਾਰਨ ਹੈ ਅਮਰੀਕਾ ਅਤੇ ਚੀਨ ਵਿਚਾਲੇ ਵੱਧਦਾ ਟ੍ਰੇਡ ਵਾਰ। ਟਰੰਪ ਹਮੇਸ਼ਾ ਚੀਨ ਨੂੰ ਲੈ ਕੇ ਕੋਈ ਨਾ ਕੋਈ ਟਵੀਟ ਕਰਦੇ ਰਹਿੰਦੇ ਹਨ। ਇਸ ਨਾਲ ਦੁਨੀਆ ਵਿਚ ਟੈਨਸ਼ਨ ਵਧ ਗਈ ਹੈ। ਦੋ ਵੱਡੀਆਂ ਇਕਾਨੋਮੀ ਵਿਚ ਤਣਾਅ ਵੱਧਣ ਨਾਲ ਗਲੋਬਲ ਇਕਾਨੋਮੀ ਵਿਚ ਸੁਸਤੀ ਆ ਗਈ ਹੈ। ਪੂਰੀ ਦੁਨੀਆ ਦੀ ਅਰਥਵਿਵਸਥਾ ਵਿਚ ਆਈ ਸੁਸਤੀ ਕਾਰਨ ਨਿਵੇਸ਼ਕਾਂ ਦਾ ਰੁਝਾਨ ਸੋਨੇ ਵੱਲ ਵੱਧ ਗਿਆ ਹੈ।

ਇੰਟਰਨੈਸ਼ਨਲ ਮਾਨੀਟਰੀ ਫੰਡ ਅਤੇ ਵਿਸ਼ਵ ਬੈਂਕ ਦੀ ਰਿਪੋਰਟ ਵਿਚ ਸੰਸਾਰਕ ਆਰਥਿਕ ਗ੍ਰੋਥ ਡਿੱਗਣ ਦਾ ਖਦਸ਼ਾ ਹੈ। ਇਸ ਲਈ ਸੋਨੇ ਵਿਚ ਨਿਵੇਸ਼ ਵਧਿਆ ਹੈ। ਦਰਅਸਲ ਅਮਰੀਕਾ ਅਤੇ ਚੀਨ ਵਿਚਾਲੇ ਜਾਰੀ ਟ੍ਰੇਡ ਵਾਰ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਵੱਡਾ ਉਛਾਲ ਆਇਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਸੋਨੇ ਦੀਆਂ ਕੀਮਤਾਂ ਵਿਚ ਜਾਰੀ ਤੇਜ਼ੀ 'ਚ ਇਸ ਸਾਲ ਰੁਕਣ ਦੀ ਉਮੀਦ ਨਜ਼ਰ ਨਹੀਂ ਆ ਰਹੀ ਹੈ। ਅਜਿਹੇ ਵਿਚ ਅੱਗੇ ਆਉਣ ਵਾਲੇ ਵਿਆਹਾਂ ਦੇ ਸੀਜ਼ਨ ਵਿਚ ਸੋਨੇ ਦੀ ਜਿਊਲਰੀ ਬਣਵਾਉਣਾ ਹੁਣ ਹੋਰ ਮਹਿੰਗਾ ਹੋ ਗਿਆ ਹੈ, ਕਿਉਂਕਿ ਪਿਛਲੇ 8 ਮਹੀਨੇ ਦੌਰਾਨ ਸੋਨੇ ਦੀਆਂ ਕੀਮਤਾਂ 31 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਵਧ ਕੇ 40 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਪੁੱਜ ਗਈ ਹੈ। ਅਜਿਹੇ ਵਿਚ ਭਾਰਤੀਆਂ ਦੇ ਵਿਆਹ ਦਾ ਖਰਚ ਵਧ ਗਿਆ ਹੈ।

ਸੋਨੇ ਵਿਚ ਤੇਜ਼ੀ ਕਾਰਨ ਡੋਨਾਲਡ ਟਰੰਪ ਨੇ ਇਕ ਟਵੀਟ ਕੀਤਾ। ਇੰਡੀਆ ਬੁਲੀਅਨ ਐਂਡ ਜਿਊਲਰਸ ਐਸੋਸੀਏਸ਼ਨ ਦੇ ਨੈਸ਼ਨਲ ਸੈਕ੍ਰੇਟਰੀ ਸੁਰਿੰਦਰ ਮੇਹਤਾ ਦਾ ਕਹਿਣਾ ਹੈ ਕਿ ਸੋਨਾ ਅਤੇ ਚਾਂਦੀ ਦਾ ਬਾਜ਼ਾਰ ਨਾ ਤਾਂ ਕਿਸੇ ਫੰਡਾਮੈਂਟਲ ਤੋਂ ਜਾਂ ਐਨਾਲਿਸਿਜ਼ ਜਾਂ ਚਾਰਟ ਤੋਂ ਚੱਲ ਰਿਹਾ, ਸਗੋਂ ਟਰੰਪ ਦੇ ਟਵੀਟ ਨਾਲ ਚੱਲ ਰਿਹਾ ਹੈ। ਇਹ ਕਹਿਣਾ ਮੁਸ਼ਕਲ ਹੈ ਕਿ ਕਦੋਂ ਕੀਮਤਾਂ ਵਧਣਗੀਆਂ ਜਾਂ ਕਦੋਂ ਘੱਟਣਗੀਆਂ। ਪਰ ਹਾਲੀਆ ਤੇਜ਼ੀ ਨਾਲ ਘਰੇਲੂ ਮੰਗ ਵਿਚ 50 ਫੀਸਦੀ ਕਮੀ ਆਈ ਹੈ। ਚੀਨ ਦੇ ਡਿਊਟੀ ਵਧਾਉਣ ਦੇ ਐਲਾਨ ਤੋਂ ਬਾਅਦ ਅਮਰੀਕਾ ਨੇ ਚੀਨ ਦੇ 250 ਅਰਬ ਡਾਲਰ ਦੇ ਉਤਪਾਦਾਂ 'ਤੇ ਡਿਊਟੀ 25 ਫੀਸਦੀ ਤੋਂ ਵਧਾ ਕੇ 30 ਫੀਸਦੀ ਕਰ ਦਿੱਤੀ ਹੈ। ਇਸ ਨਾਲ 300 ਅਰਬ ਡਾਲਰ ਦੇ ਉਤਪਾਦਾਂ 'ਤੇ ਡਿਊਟੀ 10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਗਈ ਹੈ।

ਪੂਰੀ ਦੁਨੀਆ ਦੇ ਸੈਂਟਰਲ ਬੈਂਕ ਖਰੀਦ ਰਹੇ ਹਨ ਸੋਨਾ
ਟ੍ਰੇਡ ਵਾਰ ਕਾਰਨ ਸੋਨੇ ਦੀ ਸੇਫ ਹੇਵਨ ਡਿਮਾਂਡ ਵਿਚ ਵਾਧਾ ਹੋਇਆ ਹੈ। ਪੂਰੀ ਦੁਨੀਆ ਦੇ ਸੈਂਟਰਲ ਬੈਂਕਾਂ ਨੇ ਸੋਨੇ ਦੀ ਖਰੀਦਦਾਰੀ ਵਧਾ ਦਿੱਤੀ ਹੈ। ਚੀਨ, ਰੂਸ, ਤੁਰਕੀ ਸਣੇ ਦੁਨੀਆ ਦੇ ਕਈ ਕੇਂਦਰੀ ਬੈਂਕਾਂ ਨੇ ਸੋਨੇ ਦੀ ਖਰੀਦਦਾਰੀ ਕਰਕੇ ਗੋਲਡ ਰਿਜ਼ਰਵ ਵਧਾਇਆ।

ਕੀ ਕਹਿੰਦੀ ਹੈ ਵਿਸ਼ਵ ਗੋਲਡ ਕੌਂਸਲ ਦੀ ਰਿਪੋਰਟ
ਵਿਸ਼ਵ ਗੋਲਡ ਕੌਂਸਲ ਵਲੋਂ ਜਾਰੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪੂਰੀ ਦੁਨੀਆ ਦੇ ਕੇਂਦਰੀ ਬੈਂਕਾਂ ਵਲੋਂ 2019-20 ਵਿਚ ਹੁਣ ਤੱਕ ਤਕਰੀਬਨ 374 ਮੀਟ੍ਰਿਕ ਟਨ ਸੋਨਾ ਖਰੀਦੇ ਜਾਣ ਦਾ ਅੰਦਾਜ਼ਾ ਹੈ। ਉਥੇ ਹੀ ਆਰ.ਬੀ.ਆਈ. ਨੇ ਮਾਰਚ 2018 ਤੋਂ ਹੁਣ ਤੱਕ 60 ਟਨ ਸੋਨਾ ਖਰੀਦਿਆ ਹੈ।

ਭਾਰਤ ਵਿਚ ਸੋਨੇ ਦੀਆਂ ਕੀਮਤਾਂ ਤੈਅ ਕਰਨ ਦੇ ਦੋ ਤਰੀਕੇ
ਭਾਰਤ ਵਿਚ ਸੋਨੇ ਦੀਆਂ ਕੀਮਤਾਂ ਦੋ ਤਰੀਕਿਆਂ ਨਾਲ ਤੈਅ ਹੁੰਦੀਆਂ ਹਨ। ਫਿਊਚਰ ਮਾਰਕੀਟ (ਵਾਅਦਾ ਬਾਜ਼ਾਰ) ਅਤੇ ਸਪਾਟ ਬਾਜ਼ਾਰ (ਹਾਜ਼ਿਰ ਸਰਾਫਾ) ਪਰ ਦੋਵੇਂ ਕੀਮਤਾਂ ਵੱਖੋ-ਵੱਖ ਹੁੰਦੀਆਂ ਹਨ। ਆਮ ਗਾਹਕਾਂ ਦਾ ਵਾਸਤਾ ਸਪਾਟ ਕੀਮਤ ਨਾਲ ਪੈਂਦਾ ਹੈ। ਫਿਊਚਰ ਕੀਮਤ ਵਾਅਦਾ ਬਾਜ਼ਾਰ ਪੂਰੀ ਤਰ੍ਹਾਂ ਨਾਲ ਕਾਰੋਬਾਰੀਆਂ ਲਈ ਹੁੰਦਾ ਹੈ। ਇਥੇ ਸੋਨੇ ਵਿਚ ਸਭ ਤੋਂ ਜ਼ਿਆਦਾ ਉਤਰਾਅ-ਚੜਾਅ ਦੇਖਣ ਨੂੰ ਮਿਲਦਾ ਹੈ। ਬਾਜ਼ਾਰ ਵਿਚ ਤੁਸੀਂ ਜਿਸ ਕੀਮਤ 'ਤੇ ਸੋਨਾ ਜਿਊਲਰਸ ਤੋਂ ਖਰੀਦਦੇ ਹੋ ਉਹ ਸਪਾਟ ਕੀਮਤ ਯਾਨੀ ਹਾਜ਼ਿਰ ਭਾਅ ਹੁੰਦਾ ਹੈ।

ਜ਼ਿਆਦਾਤਰ ਸ਼ਹਿਰਾਂ ਦੇ ਸਰਾਫਾ ਐਸੋਸੀਏਸ਼ਨ ਦੇ ਮੈਂਬਰ ਮਿਲ ਕੇ ਬਾਜ਼ਾਰ ਖੁੱਲਣ ਵੇਲੇ ਕੀਮਤਾਂ ਤੈਅ ਕਰਦੇ ਹਨ। ਐਮ.ਸੀ.ਐਕਸ ਵਾਅਦਾ ਬਾਜ਼ਾਰ ਵਿਚ ਜੋ ਕੀਮਤਾਂ ਆਉਂਦੀਆਂ ਹਨ, ਉਸ ਵਿਚ ਵੈਟ, ਲੇਵੀ ਅਤੇ ਲਾਗਤ ਜੋੜ ਕੇ ਕੀਮਤਾਂ ਐਲਾਨੀਆਂ ਜਾਂਦੀਆਂ ਹਨ। ਉਥੇ ਹੀ ਕੀਮਤਾਂ ਪੂਰੇ ਦਿਨ ਚੱਲਦੀਆਂ ਹਨ। ਇਹੀ ਕਾਰਨ ਹੈ ਵੱਖ-ਵੱਖ ਸ਼ਹਿਰਾਂ ਵਿਚ ਸੋਨੇ ਦੀਆਂ ਕੀਮਤਾਂ ਵੱਖੋ-ਵੱਖ ਹੁੰਦੀਆਂ ਹਨ। ਇਸ ਤੋਂ ਇਲਾਵਾ ਸਪਾਟ ਮਾਰਕੀਟ ਵਿਚ ਸੋਨੇ ਦੀ ਕੀਮਤ ਸ਼ੁੱਧਤਾ ਦੇ ਆਧਾਰ 'ਤੇ ਤੈਅ ਹੁੰਦੀ ਹੈ। 22 ਕੈਰੇਟ ਅਤੇ 24 ਕੈਰੇਟ ਸੋਨੇ ਦੀ ਕੀਮਤ ਵੱਖ-ਵੱਖ ਹੁੰਦੀ ਹੈ।


Sunny Mehra

Content Editor

Related News