ਟਰੰਪ ਦੀ ਰਿਹਾਇਸ਼ ’ਤੇ FBI ਵਲੋਂ ਛਾਪਾ, ਸਾਬਕਾ ਰਾਸ਼ਟਰਪਤੀ ਨੇ ਕਿਹਾ- 2024 ਦੀਆਂ ਚੋਣਾਂ ਲੜਨ ਤੋਂ ਰੋਕਣ ਦੀ ਕੋਸ਼ਿਸ਼
Wednesday, Aug 10, 2022 - 11:57 AM (IST)
ਵਾਸ਼ਿੰਗਟਨ (ਭਾਸ਼ਾ)- ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ. ਬੀ. ਆਈ.) ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਰ-ਏ-ਲਾਗੋ ਸਥਿਤ ਨਿਵਾਸ ’ਤੇ ਛਾਪਾ ਮਾਰਿਆ ਹੈ। ਇਹ ਜਾਣਕਾਰੀ ਦਿੰਦਿਆਂ ਟਰੰਪ ਨੇ ਕਿਹਾ ਕਿ ਐਫ. ਬੀ. ਆਈ. ਦੇ ਏਜੰਟਾਂ ਨੇ ਉਨ੍ਹਾਂ ਦੀ ਤਿਜੋਰੀ ਵੀ ਤੋੜ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਹਮਲੇ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਹੀ ਹੁੰਦੇ ਹਨ। ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਫਲੋਰੀਡਾ ਵਿੱਚ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ। ਇਹ ਸਾਡੇ ਦੇਸ਼ ਲਈ ਬੁਰਾ ਸਮਾਂ ਹੈ ਕਿਉਂਕਿ ਫਲੋਰੀਡਾ ਦੇ ਪਾਮ ਬੀਚ ’ਚ ਮੇਰੇ ਖੂਬਸੂਰਤ ਘਰ ਮਾਰ-ਏ-ਲਾਗੋ ਦੀ ਐੱਫ. ਬੀ. ਆਈ. ਦੇ ਏਜੰਟਾਂ ਦੇ ਇੱਕ ਵੱਡੇ ਗਰੁੱਪ ਨੇ ਘੇਰਾਬੰਦੀ ਕੀਤੀ, ਛਾਪੇ ਮਾਰੇ ਤੇ ਇਸ ’ਤੇ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਅਮਰੀਕਾ ਦੇ ਕਿਸੇ ਵੀ ਸਾਬਕਾ ਰਾਸ਼ਟਰਪਤੀ ਨਾਲ ਅਜਿਹਾ ਨਹੀਂ ਹੋਇਆ।
ਇਹ ਵੀ ਪੜ੍ਹੋ: ਨੇਪਾਲ 'ਚ ਭਾਰਤੀ ਸੈਲਾਨੀਆਂ ਦੇ ਦਾਖ਼ਲੇ 'ਤੇ ਪਾਬੰਦੀ, 4 ਨੂੰ ਭੇਜਿਆ ਵਾਪਸ, ਜਾਣੋ ਵਜ੍ਹਾ
ਉਨ੍ਹਾਂ ਕਿਹਾ ਕਿ ਸਬੰਧਤ ਸਰਕਾਰੀ ਏਜੰਸੀਆਂ ਦੇ ਪੂਰੇ ਸਹਿਯੋਗ ਦੇ ਬਾਵਜੂਦ ਬਿਨਾਂ ਦੱਸੇ ਮੇਰੇ ਘਰ ਛਾਪਾ ਮਾਰਨਾ ਠੀਕ ਨਹੀਂ। ਗੁੱਸੇ ਵਿੱਚ ਆਏ ਟਰੰਪ ਨੇ ਕਿਹਾ ਕਿ ਇਹ ਇਸਤਿਗਾਸਾ ਪੱਖ ਦੀ ਦੁਰਵਰਤੋਂ ਅਤੇ ਨਿਆਂ ਪ੍ਰਣਾਲੀ ਦਾ ਹਥਿਆਰੀਕਰਨ ਹੈ। ਇਹ ਕੱਟੜਪੰਥੀ ਡੈਮੋਕਰੇਟਸ ਦਾ ਹਮਲਾ ਹੈ ਜੋ ਮੈਨੂੰ 2024 ਦੀਆਂ ਚੋਣਾਂ ਲੜਨ ਤੋਂ ਰੋਕਣਾ ਚਾਹੁੰਦੇ ਹਨ। ਹਾਲ ਹੀ ਵਿਚ ਹੋਈਆਂ ਚੋਣਾਂ ਦੇ ਮੱਦੇਨਜ਼ਰ ਉਹ ਇਸ ਵਿਚ ਖਾਸ ਤੌਰ ’ਤੇ ਰੁਕਾਵਟਾਂ ਪਾ ਰਹੇ ਹਨ। ਉਹ ਆਉਣ ਵਾਲੀਆਂ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਅਤੇ ਕੰਜ਼ਰਵੇਟਿਵਾਂ ਨੂੰ ਰੋਕਣ ਲਈ ਕੁਝ ਵੀ ਕਰਨਗੇ। ਅਸਲ ’ਚ ਅਮਰੀਕੀ ਨਿਆਂ ਮੰਤਰਾਲਾ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਟਰੰਪ ਨੇ 2020 ’ਚ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਆਪਣੇ ਫਲੋਰੀਡਾ ਸਥਿਤ ਰਿਹਾਇਸ਼ ’ਤੇ ਗੁਪਤ ਰਿਕਾਰਡ ਲੁਕਾਏ ਹਨ ਜਾਂ ਨਹੀਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।