ਟਰੂਡੋ ਸਰਕਾਰ 14 ਦਸੰਬਰ ਨੂੰ ਦੇਵੇਗੀ 'ਬਜਟ' ਅਪਡੇਟ

Tuesday, Dec 07, 2021 - 12:44 PM (IST)

ਟਰੂਡੋ ਸਰਕਾਰ 14 ਦਸੰਬਰ ਨੂੰ ਦੇਵੇਗੀ 'ਬਜਟ' ਅਪਡੇਟ

ਓਟਾਵਾ (ਸੁਰਜੀਤ ਸਿੰਘ ਫਲੌਰਾ): ਟਰੂਡੋ ਸਰਕਾਰ 14 ਦਸੰਬਰ ਨੂੰ ਸੰਸਦ ਵਿੱਚ ਬਜਟ ਅਪਡੇਟ ਦੇਵੇਗੀ। ਇਹ ਗੱਲ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਸੰਸਦ ਵਿੱਚ ਆਖੀ। ਦੇਸ਼ ਵਿੱਚ ਵੱਧ ਰਹੀਆਂ ਕੀਮਤਾਂ ਅਤੇ ਇਨਫਲੇਸ਼ਨ ਕਾਰਨ ਵਿਆਜ਼ ਦਰ ਵਧਣ ਦੇ ਚਰਚੇ ਚੱਲ ਰਹੇ ਹਨ, ਜਿਸ ਨਾਲ ਲੋਕਾਂ ਦੀ ਵਿੱਤੀ ਹਾਲਤ ਵਿਗੜ ਸਕਦੀ ਹੈ। 17 ਦਸੰਬਰ ਨੂੰ ਸੰਸਦ ਕ੍ਰਿਸਮਿਸ ਛੁੱਟੀਆਂ ਲਈ ਬੰਦ ਹੋ ਜਾਵੇਗੀ ਅਤੇ ਇਸ ਤੋਂ ਤਿੰਨ ਦਿਨ ਪਹਿਲਾਂ ਮਤਲਬ 14 ਦਸੰਬਰ ਨੂੰ ਸਰਕਾਰ ਬਜਟ ਅੱਪਡੇਟ ਦੇਵੇਗੀ। 

ਕੋਰੋਨਾ ਮਹਾਮਾਰੀ ਦੌਰਾਨ ਟਰੂਡੋ ਸਰਕਾਰ ਨੇ ਬੇਮੁਹਾਰਾ ਖਰਚਾ ਵਧਾ ਲਿਆ ਸੀ, ਜਿਸ ਕਾਰਨ ਪਿਛਲੇ ਵਿੱਤੀ ਸਾਲ ਦਾ ਬਜਟ ਘਾਟਾ 352 ਬਿਲੀਅਨ ਡਾਲਰ ਅਤੇ ਚਾਲੂ ਵਿੱਤੀ ਸਾਲ ਦਾ ਬਜਟ ਘਾਟਾ155 ਬਿਲੀਅਨ ਡਾਲਰ ਰਹਿਣ ਦਾ ਅਨੁਮਾਨ ਹੈ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਹੈ ਕਿ ਸਾਡੀ ਸਰਕਾਰ ਦਾ ਨਿਸ਼ਾਨਾ ਕੋਵਿਡ ਖ਼ਿਲਾਫ਼ ਜੰਗ ਜਿੱਤਣਾ ਅਤੇ ਆਰਥਿਕ ਰੀਕਵਰੀ ਕਰਨਾ ਹੈ। ਲਿਬਰਲ ਸਰਕਾਰ ਵਲੋਂ 7 ਬਿਲੀਅਨ ਡਾਲਰ ਦੇ ਸਪੋਰਟ ਪੈਕੇਜ ਬਾਰੇ ਬਹਿਸ ਚੱਲ ਰਹੀ ਹੈ ਜਦਕਿ ਐਨਡੀਪੀ ਹੋਰ ਖਰਚਾ ਵਧਾਉਣ ਦੀ ਮੰਗ ਕਰ ਰਹੀ ਹੈ। ਕੰਜ਼ਰਵੇਟਿਵ ਵਿੱਤ ਕਰਿਟਿਕ ਪੀਅਰ ਪੌਲੀਵਰ ਨੇ ਕਿਹਾ ਹੈ ਕਿ ਸਰਕਾਰ ਵਿੱਤੀ ਅੱਪਡੇਟ ਬਹੁਤ ਲੇਟ ਦੇਣ ਜਾ ਰਹੀ ਹੈ ਅਤੇ ਕ੍ਰਿਸਮਿਸ ਛੁੱਟੀਆਂ ਕਾਰਨ ਇਸ ਬਾਰੇ ਵਿਸਤ੍ਰਿਤ ਬਹਿਸ ਦਾ ਮੌਕਾ ਨਹੀਂ ਮਿਲੇਗਾ। 

ਪੜ੍ਹੋ ਇਹ ਅਹਿਮ ਖਬਰ -ਅਧਿਐਨ 'ਚ ਦਾਅਵਾ, ਮਨਪਸੰਦ ਸੰਗੀਤ ਸੁਣਨ ਨਾਲ ਦਿਮਾਗ ਦੀ ਯਾਦਸ਼ਕਤੀ 'ਚ ਹੁੰਦਾ ਹੈ ਸੁਧਾਰ 

ਟਰੂਡੋ ਸਰਕਾਰ ਨੇ 100 ਬਿਲੀਅਨ ਡਾਲਰ ਦੇ ਕਰੀਬ ਹੋਰ ਖਰਚਣ ਦੇ ਚੋਣ ਵਾਅਦੇ ਕੀਤੇ ਹੋਏ ਹਨ। ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਇਨਫਲੇਸ਼ਨ ਹੋਰ ਵਧੇਗੀ ਜੋ ਸਿਹਤਮੰਦ ਨਹੀਂ ਹੋਵੇਗੀ। ਵਿੱਤੀ ਮਾਹਰ ਰੌਬਰਟ ਐਸਲਿਨ ਨੇ ਕਿਹਾ ਹੈ ਕਿ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਜੇਹੀਆਂ ਨੀਤੀਆਂ ਨਾ ਅਪਣਾਈਏ, ਜਿਹਨਾਂ ਨਾਲ ਖ਼ਪਤ ਹੋਰ ਵਧੇ, ਮੰਗ ਹੋਰ ਵਧੇ ਜਿਸ ਨਾਲ ਇਨਫਲੇਸ਼ਨ ਹੋਰ ਵਧੇਗੀ। ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਹੋਰ ਵੱਧ ਰਹੀਆਂ ਹਨ ਅਤੇ ਜਸਟਿਨ ਟਰੂਡੋ ਸਰਕਾਰ ਨੇ ਚੋਣ ਵਾਅਦੇ ਕਰਨ ਦੇ ਬਾਵਜੂਦ ਅਜੇ ਇਸ ਪਾਸੇ ਵੱਲ ਅਜੇ ਇੱਕ ਵੀ ਕਦਮ ਨਹੀਂ ਪੁੱਟਿਆ।


author

Vandana

Content Editor

Related News