ਕੈਨੇਡਾ ’ਚ ‘ਟੈਕਸੀ ਸਕੈਮ’ ਤਹਿਤ 11 ਗ੍ਰਿਫਤਾਰ
Friday, Jun 20, 2025 - 12:05 AM (IST)

ਟੋਰਾਂਟੋ– ਟੋਰਾਂਟੋ ਪੁਲਸ ਸੇਵਾ ਵਿੱਤੀ ਅਪਰਾਧ ਇਕਾਈ ਨੇ ਪ੍ਰਾਜੈਕਟ ਫੇਅਰ ਤਹਿਤ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ’ਤੇ 100 ਤੋਂ ਵੱਧ ਅਪਰਾਧਕ ਦੋਸ਼ ਲਾਏ ਹਨ। ਇਹ ਲੋਕ ਟੈਕਸੀ ਸਕੈਮ ਤਹਿਤ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਪੁਲਸ ਨੇ ਦੱਸਿਆ ਕਿ ਇਹ ਮੁਲਜ਼ਮ ਇਕ ਅਪਰਾਧਕ ਨੈੱਟਵਰਕ ਦੇ ਮੈਂਬਰ ਹਨ, ਜੋ ‘ਟੈਕਸੀ ਸਕੈਮ’ ਨਾਂ ਦੀ ਧੋਖਾਦੇਹੀ ਯੋਜਨਾ ਲਈ ਜ਼ਿੰਮੇਵਾਰ ਹਨ। ਸ਼ੱਕੀਆਂ ਨੇ ਲਾਇਸੈਂਸ ਪ੍ਰਾਪਤ ਕੈਬ ਵਰਗੇ ਨਜ਼ਰ ਆਉਂਦੇ ਵਾਹਨਾਂ ਦੀ ਵਰਤੋਂ ਕਰਦੇ ਹੋਏ ਖੁਦ ਨੂੰ ਟੈਕਸੀ ਚਾਲਕ ਵਜੋਂ ਪੇਸ਼ ਕੀਤਾ। ਪੀੜਤਾਂ ਨੂੰ ਟੈਕਸੀ ਵਿਚ ਬਿਠਾਇਆ ਗਿਆ ਅਤੇ ਉਨ੍ਹਾਂ ਪਾਸੋਂ ਕੈਸ਼ ਲੈਣ ਦੀ ਬਜਾਏ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਵਰਤੋਂ ਕਰ ਕੇ ਉਨ੍ਹਾਂ ਦੇ ਕਿਰਾਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ।
ਇਸ ਲੈਣ-ਦੇਣ ਦੌਰਾਨ ਸ਼ੱਕੀਆਂ ਨੇ ਕਥਿਤ ਤੌਰ ’ਤੇ ਪੀੜਤ ਦੇ ਕਾਰਡ ਨੂੰ ਨਕਲੀ ਕਾਰਡ ਨਾਲ ਬਦਲ ਦਿੱਤਾ। ਅਸਲੀ ਕਾਰਡ ਮੁੜ ਸਾਥੀਆਂ ਨੂੰ ਦੇ ਦਿੱਤਾ ਗਿਆ, ਜਿਨ੍ਹਾਂ ਨੇ ਇਸ ਦੀ ਵਰਤੋਂ ਨਕਦੀ ਕੱਢਣ, ਖਾਤੇ ਦੀ ਬਾਕੀ ਰਕਮ ਵਧਾਉਣ ਲਈ ਧੋਖਾਦੇਹੀ ਵਾਲੇ ਚੈੱਕ ਜਮ੍ਹਾ ਕਰਨ ਅਤੇ ਉੱਚ ਕੀਮਤ ਦੇ ਸਾਮਾਨ ਖਰੀਦਣ ਲਈ ਕੀਤੀ। ਇਸ ਸਕੈਮ ਦੀ ਜਾਂਚ ਜੁਲਾਈ, 2024 ’ਚ ਸ਼ੁਰੂ ਹੋਈ ਸੀ। ਸ਼ੁਰੂ ਵਿਚ 61 ਘਟਨਾਵਾਂ ਦੀ ਪਛਾਣ ਕੀਤੀ ਗਈ। ਜਾਂਚ ਦੀ ਸਮਾਪਤੀ ਤਕ ਇਹ ਗਿਣਤੀ 300 ਤੋਂ ਵੱਧ ਹੋ ਗਈ, ਜਿਸ ਵਿਚ ਪੀੜਤਾਂ ਨੂੰ ਕੁਲ 5,00,000 ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ।