ਕੋਰੋਨਾ ਦੇ ਮੱਦੇਨਜ਼ਰ ਟੋਰਾਂਟੋ ਦੇ ਮੇਅਰ ਤੇ ਸਿਹਤ ਅਧਿਕਾਰੀ ਨੇ ਕੀਤੀ ਇਹ ਅਪੀਲ

Friday, Nov 13, 2020 - 11:32 AM (IST)

ਕੋਰੋਨਾ ਦੇ ਮੱਦੇਨਜ਼ਰ ਟੋਰਾਂਟੋ ਦੇ ਮੇਅਰ ਤੇ ਸਿਹਤ ਅਧਿਕਾਰੀ ਨੇ ਕੀਤੀ ਇਹ ਅਪੀਲ

ਟੋਰਾਂਟੋ- ਟੋਰਾਂਟੋ ਦੇ ਮੇਅਰ ਜੋਹਨ ਟੋਰੀ ਅਤੇ ਸਿਹਤ ਅਧਿਕਾਰੀ ਡਾਕਟਰ ਐਲੀਨ ਡੀ ਵਿਲਾ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੰਨਾ ਹੋ ਸਕੇ ਉਹ ਇਕ-ਦੂਜੇ ਨੂੰ ਮਿਲਣ ਤੋਂ ਪਰਹੇਜ਼ ਰੱਖਣ। ਉਨ੍ਹਾਂ ਕਿਹਾ ਕਿ ਜੇਕਰ ਬਹੁਤ ਜ਼ਰੂਰੀ ਨਾ ਹੋਵੇ ਤਾਂ ਲੋਕ ਬਾਹਰ ਘੱਟ ਹੀ ਨਿਕਲਣ।

ਕੋਰੋਨਾ ਵਾਇਰਸ ਕਾਰਨ ਸ਼ਹਿਰ ਵਿਚ 14 ਨਵੰਬਰ ਤੋਂ 12 ਦਸੰਬਰ ਤੱਕ ਸਖ਼ਤ ਪਾਬੰਦੀਆਂ ਲੱਗਣ ਜਾ ਰਹੀਆਂ ਹਨ। ਮੇਅਰ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਉਹ ਬੇਨਤੀ ਕਰਦੇ ਹਨ ਕਿ ਲੋਕ ਇਕ-ਦੂਜੇ ਤੋਂ ਸਮਾਜਕ ਦੂਰੀ ਰੱਖਣ ਤੇ ਕੋਰੋਨਾ ਤੋਂ ਬਚਣ ਲਈ ਮਾਸਕ ਪਾ ਕੇ ਰੱਖਣ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲ ਲਿਆਉਣ-ਛੱਡਣ ਲਈ ਜਾਂ ਕੰਮ 'ਤੇ ਜਾਣ ਸਮੇਂ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ। ਲੋਕਾਂ ਨੂੰ ਜੇਕਰ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦੇਣ ਤਾਂ ਉਹ ਇਕਾਂਤਵਾਸ ਰਹਿਣ ਤੇ ਟੈਸਟ ਕਰਵਾਉਣ। 

ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 1,575 ਮਾਮਲੇ ਦਰਜ ਹੋਏ ਹਨ। ਇਨ੍ਹਾਂ ਵਿਚੋਂ 472 ਮਾਮਲੇ ਸਿਰਫ ਟੋਰਾਂਟੋ ਦੇ ਹੀ ਹਨ। ਇਸ ਦੇ ਨਾਲ ਹੀ ਨਵੇਂ ਮਾਡਲਿੰਗ ਡਾਟਾ ਵਿਚ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਕਿ ਮੱਧ ਦਸੰਬਰ ਤੱਕ ਸੂਬੇ ਵਿਚ ਕੋਰੋਨਾ ਦੇ ਰੋਜ਼ਾਨਾ ਦੇ ਮਾਮਲੇ 6500 ਤੋਂ ਵੱਧ ਦਰਜ ਹੋ ਸਕਦੇ ਹਨ।
 


author

Lalita Mam

Content Editor

Related News