ਰੂਸ ਦੇ ਉੱਚ ਅਧਿਕਾਰੀ ਭਲਕੇ ਸਾਊਦੀ ਅਰਬ 'ਚ ਅਮਰੀਕੀ ਹਮਰੁਤਬਾ ਨਾਲ ਕਰਨਗੇ ਗੱਲਬਾਤ

Monday, Feb 17, 2025 - 05:14 PM (IST)

ਰੂਸ ਦੇ ਉੱਚ ਅਧਿਕਾਰੀ ਭਲਕੇ ਸਾਊਦੀ ਅਰਬ 'ਚ ਅਮਰੀਕੀ ਹਮਰੁਤਬਾ ਨਾਲ ਕਰਨਗੇ ਗੱਲਬਾਤ

ਮਾਸਕੋ (ਏਜੰਸੀ)- ਰੂਸ ਦੇ ਉੱਚ ਅਧਿਕਾਰੀ ਅਮਰੀਕਾ ਨਾਲ ਸਬੰਧਾਂ ਨੂੰ ਬਹਾਲ ਕਰਨ ਅਤੇ ਯੂਕ੍ਰੇਨ ਦੇ ਮੁੱਦੇ 'ਤੇ ਮੰਗਲਵਾਰ ਨੂੰ ਸਾਊਦੀ ਅਰਬ ਵਿੱਚ ਅਮਰੀਕੀ ਹਮਰੁਤਬਾ ਨਾਲ ਗੱਲਬਾਤ ਕਰਨਗੇ। ਕ੍ਰੇਮਲਿਨ ਦੇ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਣ ਵਾਲੀ ਮੁਲਾਕਾਤ ਦੀਆਂ ਤਿਆਰੀਆਂ 'ਤੇ ਵੀ ਚਰਚਾ ਕਰਨਗੇ।

ਕ੍ਰੇਮਲਿਨ (ਰੂਸ ਦਾ ਰਾਸ਼ਟਰਪਤੀ ਦਫਤਰ) ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਪੁਤਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ ਮੰਗਲਵਾਰ ਨੂੰ ਹੋਣ ਵਾਲੀ ਗੱਲਬਾਤ ਵਿੱਚ ਹਿੱਸਾ ਲੈਣ ਲਈ ਸਾਊਦੀ ਅਰਬ ਦੀ ਰਾਜਧਾਨੀ ਲਈ ਉਡਾਣ ਭਰਣਗੇ। ਉਨ੍ਹਾਂ ਕਿਹਾ ਕਿ ਗੱਲਬਾਤ ਮੁੱਖ ਤੌਰ 'ਤੇ "ਅਮਰੀਕਾ-ਰੂਸ ਸਬੰਧਾਂ ਦੀ ਪੂਰੀ ਬਹਾਲੀ" ਦੇ ਨਾਲ-ਨਾਲ ਯੂਕ੍ਰੇਨ ਸਮਝੌਤੇ 'ਤੇ ਸੰਭਾਵਿਤ ਗੱਲਬਾਤ ਅਤੇ ਦੋਵਾਂ ਰਾਸ਼ਟਰਪਤੀਆਂ ਵਿਚਕਾਰ ਮੁਲਾਕਾਤ ਦੀਆਂ ਤਿਆਰੀਆਂ 'ਤੇ ਕੇਂਦ੍ਰਿਤ ਹੋਵੇਗੀ। ਟਰੰਪ ਦੇ ਰਾਜਦੂਤ ਸਟੀਵ ਵਿਟਕੌਫ ਨੇ 'ਫੌਕਸ ਨਿਊਜ਼ ਸੰਡੇ' ਨੂੰ ਦੱਸਿਆ ਕਿ ਉਹ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਯੂਕ੍ਰੇਨ ਮੁੱਦੇ 'ਤੇ ਚਰਚਾ ਕਰਨ ਲਈ ਸਾਊਦੀ ਅਰਬ ਦੀ ਯਾਤਰਾ ਕਰਨਗੇ।


author

cherry

Content Editor

Related News