ਤਿੱਬਤ ਦੀ ਸੱਭਿਆਚਾਰਕ ਪਛਾਣ ''ਤੇ ਕਬਜ਼ਾ ਕਰਨ ਦੀ ਤਿਆਰੀ ''ਚ ਚੀਨ ! ਤਿੱਬਤੀ ਭਾਈਚਾਰਾ ਕਰ ਰਿਹਾ ਵਿਰੋਧ
Tuesday, Oct 06, 2026 - 02:30 PM (IST)
ਇੰਟਰਨੈਸ਼ਨਲ ਡੈਸਕ- ਚੀਨ 'ਚ ਅੰਦਰ ਤਿੱਬਤ ਦੀ ਸੱਭਿਆਚਾਰਕ, ਧਾਰਮਿਕ ਅਤੇ ਇਤਿਹਾਸਕ ਪਛਾਣ ਨੂੰ ਲੈ ਕੇ ਇੱਕ ਵੱਡੀ ਰਣਨੀਤਕ ਜੰਗ ਚੱਲ ਰਹੀ ਹੈ। ਚੀਨੀ ਕਮਿਊਨਿਸਟ ਪਾਰਟੀ (CCP) ਤਿੱਬਤੀ ਸਮਾਜ ਨੂੰ ਪੂਰੀ ਤਰ੍ਹਾਂ ਆਪਣੇ ਚੀਨੀ ਢਾਂਚੇ 'ਚ ਢਾਲਣ ਲਈ ਵਿਆਪਕ ਨੀਤੀਆਂ ਲਾਗੂ ਕਰ ਰਹੀ ਹੈ, ਜਿਸ ਦਾ ਸਥਾਨਕ ਲੋਕਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਚੀਨ ਸਰਕਾਰ ਤਿੱਬਤੀ ਬੱਚਿਆਂ ਨੂੰ ਸਰਕਾਰੀ ਬੋਰਡਿੰਗ ਸਕੂਲਾਂ ਵਿੱਚ ਭੇਜਣ 'ਤੇ ਜ਼ੋਰ ਦੇ ਰਹੀ ਹੈ, ਜਿੱਥੇ ਪੜ੍ਹਾਈ ਦਾ ਮੀਡੀਅਮ ਮੈਂਡਰਿਨ (ਚੀਨੀ) ਹੈ। ਇਸ ਨਾਲ ਤਿੱਬਤ ਦੀ ਨਵੀਂ ਪੀੜ੍ਹੀ ਆਪਣੀ ਮਾਤ-ਭਾਸ਼ਾ, ਪਰੰਪਰਾਵਾਂ ਅਤੇ ਬੁੱਧ ਧਰਮ ਦੇ ਮੂਲ ਸੰਸਕਾਰਾਂ ਤੋਂ ਦੂਰ ਹੋ ਰਹੀ ਹੈ।
14ਵੇਂ ਦਲਾਈਲਾਮਾ ਦੀ ਵਧਦੀ ਉਮਰ ਦੇ ਨਾਲ, ਚੀਨ ਸਰਕਾਰ ਉਨ੍ਹਾਂ ਦੇ ਅਗਲੇ ਉੱਤਰਾਧਿਕਾਰੀ ਦੀ ਚੋਣ ਆਪਣੇ ਕਾਬੂ 'ਚ ਕਰਨ ਦੀ ਯੋਜਨਾ ਬਣਾ ਰਹੀ ਹੈ। ਦੂਜੇ ਪਾਸੇ, ਤਿੱਬਤੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਉੱਤਰਾਧਿਕਾਰੀ ਦੀ ਚੋਣ ਦਾ ਅਧਿਕਾਰ ਸਿਰਫ਼ ਦਲਾਈਲਾਮਾ ਅਤੇ ਤਿੱਬਤੀ ਲੋਕਾਂ ਕੋਲ ਹੈ।
ਚੀਨੀ ਪ੍ਰਸ਼ਾਸਨ ਵੱਲੋਂ ਤਿੱਬਤੀ ਮੱਠਾਂ 'ਤੇ ਸਰਕਾਰੀ ਨਿਗਰਾਨੀ ਕਾਫ਼ੀ ਵਧਾ ਦਿੱਤੀ ਗਈ ਹੈ। ਭਿਕਸ਼ੂਆਂ ਲਈ ਕਮਿਊਨਿਸਟ ਪਾਰਟੀ ਪ੍ਰਤੀ ਵਫ਼ਾਦਾਰੀ ਦੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ, ਜਿਸ ਨਾਲ ਬੁੱਧ ਧਰਮ ਦੇ ਸੁਤੰਤਰ ਅਭਿਆਸ 'ਤੇ ਵੱਡੀ ਰੋਕ ਲੱਗ ਗਈ ਹੈ। ਚੀਨ ਦਾ ਦਾਅਵਾ ਹੈ ਕਿ ਉਸ ਨੇ ਬੁਨਿਆਦੀ ਢਾਂਚੇ, ਰੇਲਵੇ ਅਤੇ ਸੈਰ-ਸਪਾਟੇ ਦਾ ਵਿਕਾਸ ਕਰ ਕੇ ਤਿੱਬਤ 'ਚ ਗਰੀਬੀ ਘਟਾਈ ਹੈ। ਪਰ ਮਾਹਿਰਾਂ ਅਨੁਸਾਰ, ਇਸ ਵਿਕਾਸ ਦਾ ਮੁੱਖ ਲਾਭ ਬਾਹਰੋਂ ਆ ਕੇ ਵਸੇ ਹਾਨ-ਚੀਨੀ ਲੋਕਾਂ ਨੂੰ ਮਿਲ ਰਿਹਾ ਹੈ, ਜਿਸ ਨਾਲ ਸਥਾਨਕ ਆਬਾਦੀ 'ਚ ਰੋਸ ਵਧ ਰਿਹਾ ਹੈ।
ਤਿੱਬਤੀ ਲੋਕਾਂ ਵੱਲੋਂ ਚੀਨੀ ਪ੍ਰਸ਼ਾਸਨ ਨਾਲ ਲੜੀ ਜਾ ਰਹੀ ਇਹ ਲੜਾਈ ਸਿਰਫ਼ ਜ਼ਮੀਨੀ ਹੱਕਾਂ ਦੀ ਨਹੀਂ, ਸਗੋਂ ਤਿੱਬਤੀ ਭਾਈਚਾਰੇ, ਬੁੱਧ ਵਿਰਾਸਤ ਅਤੇ ਇਤਿਹਾਸ ਨੂੰ ਬਚਾਉਣ ਦੀ ਹੈ, ਜਿਸ 'ਤੇ ਬੀਜਿੰਗ ਦਾ ਕਮਿਊਨਿਸਟ ਸ਼ਾਸਨ ਪੂਰੀ ਤਰ੍ਹਾਂ ਕਬਜ਼ਾ ਕਰਨਾ ਚਾਹੁੰਦਾ ਹੈ।
