ਲੌਕਡਾਊਨ ਦੇ ਬਾਵਜੂਦ ਮੌਲਵੀ ਦੇ ਜਨਾਜ਼ੇ ''ਚ ਇਕੱਠੇ ਹੋਏ ਹਜ਼ਾਰਾਂ ਲੋਕ
Saturday, Apr 18, 2020 - 10:54 PM (IST)
ਢਾਕਾ (ਏਜੰਸੀ)-ਬੰਗਲਾਦੇਸ਼ 'ਚ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਇਕ ਚੋਟੀ ਦੇ ਮੌਲਵੀ ਦੇ ਜਨਾਜ਼ੇ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ। ਬੰਗਲਾਦੇਸ਼ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 2144 ਲੋਕ ਇਨਫੈਕਟਿਡ ਹਨ ਜਦੋਂ ਕਿ 84 ਦੀ ਮੌਤ ਹੋ ਚੁੱਕੀ ਹੈ। ਬੰਗਲਾਦੇਸ਼ ਖਿਲਾਫਤ ਮਜਲਿਸ ਦੇ ਨਾਇਬ-ਏ-ਅਮੀਰ (ਉਪ) ਮੌਲਵੀ ਜ਼ੁਬੈਰ ਅਹਿਮਦ ਅੰਸਾਰੀ (55) ਦਾ ਸ਼ੁੱਕਰਵਾਰ ਦੇਰ ਰਾਤ ਨੂੰ ਬੇਰਤਾਲਾ ਪਿੰਡ ਵਿਚ ਦੇਹਾਂਤ ਹੋ ਗਿਆ।
ਢਾਕਾ ਦੀ ਇਕ ਅਖਬਾਰ ਦੀ ਖਬਰ ਮੁਤਾਬਕ ਸਥਾਨਕ ਮਦਰਸੇ ਵਿਚ ਰੱਖੇ ਗਏ ਮੌਲਵੀ ਦੇ ਜਨਾਜ਼ੇ ਵਿਚ ਸ਼ਾਮਲ ਹੋਣ ਲਈ ਸਰਕਾਰ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਅਤੇ ਆਪਣੀ ਜਾਨ ਖਤਰੇ ਵਿਚ ਪਾ ਕੇ ਢਾਕਾ ਸਣੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਲੋਕ ਸ਼ਾਮਲ ਹੋਏ। ਸਥਾਨਕ ਲੋਕਾਂ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਸਰਕਾਰ ਵਲੋਂ ਲਾਗੂ ਸਮਾਜਿਕ ਦੂਰੀ ਦੇ ਸਖ਼ਤ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਤਕਰੀਬਨ 50,000ਲੋਕ ਸ਼ਨੀਵਾਰ ਸਵੇਰੇ ਨਿਕਲੇ ਜਨਾਜ਼ੇ ਵਿਚ ਸ਼ਾਮਲ ਹੋਏ। ਇਹ ਘਟਨਾ ਮਹਾਂਮਾਰੀ ਦੇ ਵੱਧਦੇ ਖਤਰੇ ਦੇ ਮੱਦੇਨਜ਼ਰ ਸਰਕਾਰ ਵਲੋਂ ਚਿੰਤਾ ਜ਼ਾਹਿਰ ਕਰਨ ਦੇ ਕੁਝ ਹੀ ਦਿਨ ਬਾਅਦ ਸਾਹਮਣੇ ਆਈ ਹੈ।
ਮਹਾਂਮਾਰੀ ਦੇ ਇਸ ਸਮੇਂ ਵਿਚ ਜਨਾਜ਼ੇ ਵਿਚ ਹਜ਼ਾਰਾਂ ਲੋਕਾਂ ਦੇ ਸ਼ਾਮਲ ਹੋਣ 'ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਗਰਿਕਾਂ ਨੇ ਸੋਸ਼ਲ ਮੀਡੀਆ 'ਤੇ ਨਿਖੇਧੀ ਕੀਤੀ ਹੈ। ਜ਼ਿਲੇ ਵਿਚ ਕੋਰੋਨਾ ਵਾਇਰਸ ਕੰਟਰੋਲ ਅਤੇ ਬਚਾਅ ਕਮੇਟੀ ਦੇ ਮੈਂਬਰ ਅਲ ਮਾਮੂਨ ਸਰਕਾਰ ਨੇ ਕਿਹਾ ਕਿ ਜਨਾਜ਼ੇ ਵਿਚ ਅਜਿਹੇ ਸਮੇਂ ਵਿਚ ਭੀੜ ਇਕੱਠੀ ਹੋਈ, ਜਦੋਂ ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ਦੀ ਰੋਕਥਾਮ ਲਈ ਸਮਾਜਿਕ ਦੂਰੀ ਬਣਾਈ ਰੱਖਣ ਦੇ ਤਹਿਤ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਹੋਈ ਹੈ।