ਸਿੱਖਾਂ ਦੀ ਪੱਗ ਅੱਤਵਾਦ ਦਾ ਨਹੀਂ, ਸਗੋਂ ਭਰੋਸੇ ਦਾ ਪ੍ਰਤੀਕ : ਐਰਿਕ ਐਡਮਜ਼

10/31/2023 1:10:53 PM

ਨਿਊਯਾਰਕ (ਰਾਜ ਗੋਗਨਾ ) : ਬੀਤੇਂ ਦਿਨ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਰਿਚਮੰਡ ਹਿੱਲ ਕੁਈਨਜ਼ ਨਿਊਯਾਰਕ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਗੁਰਦੁਆਰਾ ਸਾਹਿਬ ਵਿੱਖੇ ਪੁੱਜੇ। ਇਸ ਮੌਕੇ ਉਨ੍ਹਾਂ ਸਿੱਖਾਂ 'ਤੇ ਨਿਊਯਾਰਕ ਵਿੱਖੇ ਹੋਏ ਹਮਲਿਆਂ ਨੂੰ ਨਫ਼ਰਤੀ ਅਪਰਾਧਾਂ ਤਹਿਤ ਦੇਸ਼ 'ਤੇ ਧੱਬਾ ਕਰਾਰ ਦਿੰਦਿਆਂ ਸਿੱਖ ਕਮਿਊਨਿਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਾਂ ਦੀ ਪੱਗ ਦਾ ਮਤਲਬ ਅੱਤਵਾਦ ਨਹੀਂ ਹੈ ਸਗੋਂ ਇਹ ਕੌਮ ਆਸਥਾ ਦਾ ਇਕ ਪ੍ਰਤੀਕ ਹੈ।

ਮੇਅਰ ਐਡਮਜ਼ ਨੇ ਆਪਣੇ ਭਾਸ਼ਣ 'ਚ ਸਿੱਖਾਂ ਦੀ ਰਾਖੀ ਕਰਨ ਅਤੇ ਸਿੱਖ ਧਰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਵੀ ਸੱਦਾ ਦਿੱਤਾ। ਉਨ੍ਹਾਂ ਸਿੱਖ ਕੌਮ ਨੂੰ ਮਨੁੱਖਤਾ ਦੇ ਰਾਖੇ ਕਰਾਰ ਦਿੰਦਿਆਂ ਕਿਹਾ ਕਿ ਭਾਈਚਾਰੇ ਵੱਲੋਂ ਸਜਾਈ ਜਾਂਦੀ ਪੱਗ (ਦਸਤਾਰ) ਕਿਸੇ ਨਫ਼ਰਤ ਦਾ ਨਹੀਂ ਸਗੋਂ ਇਕ ਆਸਥਾ ਦਾ ਪ੍ਰਤੀਕ ਹੈ। ਨਿਊਯਾਰਕ ਸ਼ਹਿਰ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਡੂੰਘਾਈ ਨਾਲ ਜਾਣਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ਅਤੇ ਬਾਲਗਾਂ ਨੂੰ ਸਿੱਖੀ ਬਾਰੇ ਵਧੇਰੇ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ। ਉਨ੍ਹਾਂ ਹਾਲ ਹੀ 'ਚ ਇਕ ਪੰਜਾਬੀ ਸਿੱਖ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਅਤੇ ਬੱਸ ਵਿੱਚ ਸਫਰ ਕਰ ਰਹੇ ਇਕ ਪੰਜਾਬੀ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਦੀਆਂ ਘਟਨਾਵਾਂ ਮਗਰੋਂ ਸਿੱਖਾਂ ਵਿੱਚ ਇੱਥੇ ਭਾਰੀ ਰੋਸ ਸੀ ਅਤੇ ਇਸ ਨੂੰ ਸ਼ਾਂਤ ਕਰਨ ਦੇ ਮਕਸਦ ਦੇ ਤਹਿਤ ਮੇਅਰ ਐਰਿਕ ਐਡਮਜ਼ ਕੁਈਨਜ਼ ਇਲਾਕੇ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਸਨ। 

ਇਹ ਵੀ ਪੜ੍ਹੋ : ਸ਼ਰਾਬ ਕਾਰਨ ਹਰ ਸਾਲ ਹੁੰਦੀਆਂ ਨੇ 30 ਲੱਖ ਮੌਤਾਂ,ਫਿਰ ਵੀ ਨਹੀਂ ਛੱਡਦੇ ਲੋਕ, ਜਾਣੋ ਕਿਵੇਂ ਪੈਂਦੀ ਹੈ ਆਦਤ    

ਨਿਊਯਾਰਕ ਦੇ ਰਿਚਮੰਡ ਹਿਲ ਦਾ ਇਲਾਕਾ ਸਿੱਖਾਂ ਦੀ ਭਰਵੀ ਆਬਾਦੀ ਵਾਲਾ ਇਲਾਕਾ ਜਾਣਿਆ ਜਾਂਦਾ ਹੈ ਤੇ ਗੁਰੂ ਘਰ ਵੀ ਇੱਥੇ ਮੋਜੂਦ ਹਨ। ਇੱਥੇ ਵੱਸਦੇ ਸਿੱਖਾਂ ਨੂੰ ਇਲਾਕੇ ਦੇ ਧੁਰਾ ਕਰਾਰ ਦਿੰਦਿਆਂ ਮੇਅਰ ਨੇ ਕਿਹਾ ਕਿ ‘‘ਤੁਹਾਡੀ ਪੱਗ ਇਕ ਰਾਖੇ ਹੋਣ ਦਾ ਸਬੂਤ ਹੈ ਅਤੇ ਪੱਗ (ਦਸਤਾਰ) ਨਫ਼ਰਤ ਨਹੀਂ ਫੈਲਾਉਂਦੀ ਬਲਕਿ ਹਰੇਕ ਨੂੰ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਹੈ। ਇਸ ਦਾ ਮਤਲਬ ਧਰਮ ਦੇ ਨਾਲ ਤੁਸੀ ਸਾਡਾ ਇਕ ਪਰਿਵਾਰ ਵੀ ਹੋ ਅਤੇ ਇਹ ਸ਼ਹਿਰ ਵਿੱਚ ਇਕਮਿਕ ਹੋ ਕੇ ਵੱਸਣ ਦਾ ਸਿੱਖ ਕੋਮ ਸੱਦਾ ਦਿੰਦੀ ਹੈ।ਉਹਨਾਂ ਕਿਹਾ ਕਿ  ਸਿੱਖਾਂ ਨਾਲ ਵਾਪਰ ਰਹੀਆਂ ਘਟਨਾਵਾਂ ਰੋਕਣ ਵਾਸਤੇ ਅਸੀਂ ਹਰ ਸੰਭਵ ਯਤਨ ਕਰਾਂਗੇ। 

ਇਸ ਮੌਕੇ ਹੋਰ ਸਮਾਜ ਸੇਵੀ ਸਿੱਖ ਆਗੂਆਂ ਦੇ ਨਾਲ ਗੁਰੂਘਰ ਦੀ ਕਮੇਟੀ ਦੇ ਮੌਜੂਦਾ ਅਤੇ ਸਾਬਕਾ ਸਿੱਖ ਆਗੂ ਵੀ ਮੋਜੂਦ ਸਨ। ਮੇਅਰ ਐਰਿਕ ਐਡਮਜ਼ ਨਾਲ ਇਸ ਮੌਕੇ ਨਿਊਯਾਰਕ ਸੂਬਾ ਅਸੈਂਬਲੀ ਦੀ ਮੈਂਬਰ ਜੈਨੀਫਰ ਰਾਜਕੁਮਾਰ ਵੀ ਸਨ ਜਿਨ੍ਹਾਂ ਵੱਲੋਂ ਸਿੱਖ ਆਗੂਆਂ ਨਾਲ ਮੁਲਾਕਾਤ ਦੌਰਾਨ ਕਾਰਗਰ ਉਪਰਾਲੇ ਕਰਨ ਦਾ ਉਹਨਾਂ ਸਿੱਖਾਂ ਨੂੰ ਪੂਰਾ ਭਰੋਸਾ ਦਿੱਤਾ ਗਿਆ। ਦੱਸ ਦੇਈਏ ਕਿ ਬੀਤੇ 15 ਅਕਤੂਬਰ ਨੂੰ ਇੱਥੇ ਇਕ 19 ਸਾਲ ਦੇ ਸਿੱਖ ਨੌਜਵਾਨ ’ਤੇ ਇਕ ਬੱਸ ਵਿਚ ਹਮਲਾ ਹੋਇਆ। ਜਿਸ ਵਿੱਚ ਇਕ 26 ਸਾਲ ਦੇ ਹਮਲਾਵਰ ਜਿਸ ਦਾ ਨਾਂ ਕ੍ਰਿਸਟੋਫਰ ਸੀ ਉਸ ਨੇ ਸਿੱਖ ਨੌਜਵਾਨ ਦੀ ਪੱਗ ਉਤੇ ਕਈ ਵਾਰ ਕੀਤੇ ਅਤੇ ਕਹਿਣ ਲੱਗਾ ਕਿ ਇਸ ਮੁਲਕ ਵਿੱਚ ਕੋਈ ਪੱਗ ਨਹੀਂ ਬੰਨ੍ਹ ਸਕਦਾ। ਇਸ ਮਾਮਲੇ 'ਚ ਕ੍ਰਿਸਟੋਫਰ ਵਿਰੁੱਧ ਨਫ਼ਰਤੀ ਅਪਰਾਧ ਦੇ ਦੋਸ਼ ਲਗਾਏ ਗਏ ਹਨ।

ਇਹ ਵੀ ਪੜ੍ਹੋ : ਸਿਆਸੀ ਦਖਲਅੰਦਾਜ਼ੀ : ਨਗਰ ਨਿਗਮ ’ਚ ਗੜਬੜਾਇਆ ਇਮਾਰਤੀ ਇੰਸਪੈਕਟਰਾਂ ਦੀ ਪੋਸਟਿੰਗ ਦਾ ਗਣਿਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Anuradha

Content Editor

Related News