ਤਾਲਿਬਾਨ ਦੀ ਗੁਹਾਰ ! ਪਾਬੰਦੀਆਂ ਹਟਾ ਦਿਓ, ਅਮਰੀਕਾ ਸਣੇ ਸਾਰਿਆਂ ਨਾਲ ਕੰਮ ਕਰਨ ਨੂੰ ਤਿਆਰ

Wednesday, Sep 15, 2021 - 05:29 PM (IST)

ਤਾਲਿਬਾਨ ਦੀ ਗੁਹਾਰ ! ਪਾਬੰਦੀਆਂ ਹਟਾ ਦਿਓ, ਅਮਰੀਕਾ ਸਣੇ ਸਾਰਿਆਂ ਨਾਲ ਕੰਮ ਕਰਨ ਨੂੰ ਤਿਆਰ

ਇੰਟਰਨੈਸ਼ਨਲ ਡੈਸਕ : ਅਫ਼ਗਾਨਿਸਤਾਨ ਦੀ ਸੱਤਾ ’ਤੇ ਤਾਂ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ ਪਰ ਦੁਨੀਆ ਭਰ ਦੀਆਂ ਪਾਬੰਦੀਆਂ ਨਾਲ ਹੁਣ ਉਸ ਦੀ ਹਾਲਤ ਖਰਾਬ ਹੋਣ ਲੱਗੀ ਹੈ। ਉਸ ਨੂੰ ਡਰ ਹੈ ਕਿ ਜੇ ਹੋਰ ਪਾਬੰਦੀਆਂ ਲੱਗੀਆਂ ਤਾਂ ਫਿਰ ਉਸ ਦਾ ਲੱਕ ਟੁੱਟ ਜਾਵੇਗਾ। ਅੱਤਵਾਦੀਆਂ ਨੂੰ ਅਫ਼ਗਾਨ ਮੰਤਰੀ ਮੰਡਲ ’ਚ ਸ਼ਾਮਲ ਕਰਕੇ ਸਰਕਾਰ ਦਾ ਗਠਨ ਕਰਨ ਵਾਲੇ ਤੇ ਹੋਰ ਪਾਬੰਦੀਆਂ ਝੱਲ ਰਹੇ ਤਾਲਿਬਾਨ ਨੇ ਇਸਲਾਮਿਕ ਅਮੀਰਾਤ ਖ਼ਿਲਾਫ਼ ਪਾਬੰਦੀਆਂ ਨੂੰ ਹਟਾਉਣ ਦੀ ਗੁਹਾਰ ਲਾਈ ਹੈ। ਅਫ਼ਗਾਨਿਸਤਾਨ ਦੇ ਨਵੇਂ ਕਾਰਜਕਾਰੀ ਵਿਦੇਸ਼ ਮੰਤਰੀ ਮੌਲਵੀ ਅਮੀਰ ਖਾਨ ਮੁੱਤਾਕੀ ਨੇ ‘ਇਸਲਾਮਿਕ ਅਮੀਰਾਤ’ ਵਿਰੁੱਧ ਪਾਬੰਦੀਆਂ ਹਟਾਉਣ ਦੀ ਅਪੀਲ ਕੀਤੀ ਹੈ। ਇਕ ਨਿਊਜ਼ ਚੈਨਲ ਨੇ ਦੱਸਿਆ ਕਿ ਕਾਬੁਲ ’ਚ ਇਕ ਪੱਤਰਕਾਰ ਸੰਮੇਲਨ ਦੌਰਾਨ ਵਿਦੇਸ਼ ਮੰਤਰੀ ਮੁੱਤਾਕੀ ਨੇ ਮੰਗਲਵਾਰ ਅਫ਼ਗਾਨ ਪ੍ਰਵਾਸੀਆਂ ਤੋਂ ਦੇਸ਼ ਦੇ ਵਿਕਾਸ ’ਚ ਮਦਦ ਕਰਨ ਲਈ ਸਵਦੇਸ਼ ਪਰਤਣ ਦਾ ਸੱਦਾ ਦਿੱਤਾ। ਨਾਲ ਹੀ ਉਨ੍ਹਾਂ ਕਿਹਾ ਕਿ ਇਸਲਾਮਿਕ ਅਮੀਰਾਤ ਅਮਰੀਕਾ ਸਣੇ ਸਾਰੇ ਦੇਸ਼ਾਂ ਨਾਲ ਕੰਮ ਕਰਨ ਨੂੰ ਤਿਆਰ ਹੈ ਪਰ ਇਹ ਸਪੱਸ਼ਟ ਕਰਨ ਨੂੰ ਕਿਹਾ ਕਿ ਉਹ ਉਨ੍ਹਾਂ ਉੱਤੇ ਹੁਕਮ ਨਹੀਂ ਚਲਾਉਣਗੇ। ਹਾਲਾਂਕਿ ਮੁੱਤਾਕੀ ਨੇ ਕਿਹਾ ਕਿ ਅਸੀਂ ਅਫ਼ਗਾਨਿਸਤਾਨ ’ਤੇ ਕੋਈ ਪਾਬੰਦੀ ਜਾਂ ਕਿਸੇ ਦੇਸ਼ ਨੂੰ ਵਪਾਰ ’ਤੇ ਰੋਕ ਲਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਹੀ ਤਾਲਿਬਾਨ ਨੇ ਅੰਤਰਿਮ ‘ਇਸਲਾਮਿਕ ਅਮੀਰਾਤ’ ਦਾ ਗਠਨ ਕੀਤਾ ਹੈ। ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਨਵੀਂ ਸਰਕਾਰ ’ਚ ਅਜਿਹੇ ਕਈ ਅੱਤਵਾਦੀਆਂ ਨੂੰ ਜਗ੍ਹਾ ਦਿੱਤੀ ਹੈ, ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ ਤੋਂ ਅਮਰੀਕੀ ਸੂਚੀ ’ਚ ਅੱਤਵਾਦੀ ਐਲਾਨਿਆ ਗਿਆ ਹੈ ਅਤੇ ਉਨ੍ਹਾਂ ’ਤੇ ਪਾਬੰਦੀ ਹੈ। ਤਾਲਿਬਾਨੀ ਕੈਬਨਿਟ ਮੈਂਬਰਾਂ ’ਚ ਬਹੁਤ ਸਾਰੇ ਤਾਲਿਬਾਨ ਹਨ, ਜੋ ਸੰਯੁਕਤ ਰਾਸ਼ਟਰ ਦੀ ਪਾਬੰਦੀਸ਼ੁਦਾ ਸੂਚੀ ’ਚ ਸ਼ਾਮਿਲ ਹਨ। ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੀ ਕਾਰਜਕਾਰੀ ਸਰਕਾਰ ਦਾ ਐਲਾਨ ਕੀਤਾ ਸੀ, ਜਿਸ ’ਚ ਮੁੱਲਾ ਮੁਹੰਮਦ ਹਸਨ ਅਖੁੰਦ ਪ੍ਰਧਾਨ ਮੰਤਰੀ ਅਤੇ ਸਮੂਹ ਸਹਿ-ਸੰਸਥਾਪਕ ਮੁੱਲਾ ਅਬਦੁਲ ਗਨੀ ਬਰਾਦਰ ਅਫਗਾਨਿਸਤਾਨ ਦੇ ਉਪ ਪ੍ਰਧਾਨ ਮੰਤਰੀ ਬਣੇ। ਤਾਲਿਬਾਨ ਵੱਲੋਂ ਆਪਣੀ ਅੰਤਰਿਮ ਸਰਕਾਰ, ਜਿਸ ’ਚ ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਅੱਤਵਾਦੀ ਸ਼ਾਮਲ ਹਨ, ਦੇ ਐਲਾਨ ਤੋਂ ਬਾਅਦ ਅਮਰੀਕਾ ਨੇ ਇਹ ਕਹਿ ਕੇ ਪ੍ਰਤੀਕਿਰਿਆ ਦਿੱਤੀ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਤਾਲਿਬਾਨ ਦੀਆਂ ਮਨੁੱਖੀ ਅਧਿਕਾਰਾਂ ਦੀਆਂ ਨੀਤੀਆਂ ਦੇ ਅਧਾਰ ’ਤੇ ਅੱਤਵਾਦੀਆਂ ਦੀ ਸੂਚੀ ਬਣਾਉਣ ਦੇ ਕਿਸੇ ਵੀ ਫ਼ੈਸਲੇ ਨੂੰ ਆਧਾਰ ਬਣਾਏਗੀ।

ਇਸ ਦੌਰਾਨ ਤਾਲਿਬਾਨ ’ਤੇ ਹੋਰ ਪਾਬੰਦੀਆਂ ਲਗਾਉਣ ਦੇ ਮੁੱਦੇ ’ਤੇ ਸੰਗਠਨ ਦੇ ਬੁਲਾਰੇ ਸੁਹੈਲ ਸ਼ਾਹੀਨ ਇੱਕ ਤਾਜ਼ਾ ਇੰਟਰਵਿਊ ਦੌਰਾਨ ਬੈਕਫੁੱਟ ’ਤੇ ਦਿਸੇ। ਉਨ੍ਹਾਂ ਕਿਹਾ ਕਿ ‘ਇਸਲਾਮਿਕ ਅਮੀਰਾਤ’ ਉਤੇ ਪਾਬੰਦੀ ਲਗਾਉਣਾ ਅਫ਼ਗਾਨਿਸਤਾਨ ਦੇ ਲੋਕਾਂ ਵਿਰੁੱਧ ਅਨਿਆਂ ਹੋਵੇਗਾ। ਬੁਲਾਰੇ ਨੇ ਕਿਹਾ ਕਿ ਜਦੋਂ ਅਸੀਂ ਇੱਕ ਨਵਾਂ ਪੰਨਾ ਬਦਲ ਰਹੇ ਹਾਂ, ਜੋ ਅਫਗਾਨਿਸਤਾਨ ਦੇ ਲੋਕਾਂ ਲਈ ਅਫਗਾਨ ਸ਼ਾਂਤੀ ਦੇ ਨਿਰਮਾਣ ਦਾ ਇੱਕ ਪੜਾਅ ਹੈ, ਉਹ ਅਜਿਹੇ ਮਹੱਤਵਪੂਰਨ ਪੜਾਅ ’ਤੇ ਸਾਡੇ ’ਤੇ ਪਾਬੰਦੀਆਂ ਲਗਾ ਰਹੇ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਅਜਿਹੇ ਨਾਜ਼ੁਕ ਸਮੇਂ ’ਚ ਪਾਬੰਦੀਆਂ ਲਗਾਉਣਾ ਬਹੁਤ ਵੱਡਾ ਅਨਿਆਂ ਹੋਵੇਗਾ।


author

Manoj

Content Editor

Related News