ਬੈਂਕ ''ਚ ਬੰਦੂਕ ਦੀ ਨੋਕ ''ਤੇ ਲੁੱਟ-ਖੋਹ ਕਰਨ ਆਏ ਵਿਅਕਤੀ ਨੂੰ ਪੁਲਸ ਨੇ ਕੀਤਾ ਢੇਰ
Friday, Dec 15, 2017 - 05:23 AM (IST)

ਓਨਟਾਰੀਓ- ਟੋਰਾਂਟੋ ਦੇ ਉੱਤਰੀ ਖੇਤਰ 'ਚ ਸਥਿਤ ਇੱਕ ਬੈਂਕ 'ਚ ਲੋਕਾਂ ਅਤੇ ਕਰਮਚਾਰੀਆਂ ਨੂੰ ਇੱਕ ਤਰ੍ਹਾਂ ਬੰਧਕ ਬਣਾ ਕੇ ਰੱਖਣ ਵਾਲੇ ਬੰਦੂਕਧਾਰੀ ਨੂੰ ਪੁਲਿਸ ਨੇ ਢੇਰ ਕਰ ਦਿੱਤਾ।
ਇਸ ਘਟਨਾ 'ਚ ਹੋਰ ਕੋਈ ਵਿਅਕਤੀ ਜ਼ਖ਼ਮੀ ਨਹੀਂ ਹੋਇਆ ਪਰ ਮੇਪਲ, ਓਨਟਾਰੀਓ 'ਚ ਰਾਇਲ ਬੈਂਕ ਆਫ ਕੈਨੇਡਾ ਦੀ ਬ੍ਰਾਂਚ ਅੰਦਰ ਮੌਜੂਦ ਲੋਕ ਅਤੇ ਕਰਮਚਾਰੀ ਸਹਿਮੇ ਹੋਏ ਜ਼ਰੂਰ ਸਨ। ਇਹ ਜਾਣਕਾਰੀ ਯੌਰਕ ਰੀਜਨ ਪੁਲਿਸ ਦੇ ਕਾਂਸਟੇਬਲ ਐਂਡੀ ਪੈਟਨਡਨ ਨੇ ਦਿੱਤੀ। ਪੈਟਨਡਨ ਨੇ ਆਖਿਆ ਕਿ ਸਾਨੂੰ ਉਸ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਗਲਤ ਹਰਕਤ ਕਰਨ ਤੋਂ ਰੋਕਣ ਲਈ ਤਾਕਤ ਦੀ ਵਰਤੋਂ ਕਰਨੀ ਪਈ।
ਦੁਪਹਿਰੇ 1:00 ਵਜੇ ਇੱਕ ਕਾਲ ਮਿਲਣ ਤੋਂ ਬਾਅਦ ਪੁਲਿਸ ਬੈਂਕ ਦੀ ਬ੍ਰਾਂਚ 'ਤੇ ਪਹੁੰਚੀ ਤਾਂ ਉੱਥੇ ਬੰਦੂਕਧਾਰੀ ਵਿਅਕਤੀ ਨੇ ਬੈਂਕ ਦੇ ਸਟਾਫ ਤੇ ਹੋਰ ਕਲਾਇੰਟਸ ਨੂੰ ਡਰਾ ਧਮਕਾ ਕੇ ਅੰਦਰ ਤਾੜ ਰੱਖਿਆ ਸੀ। ਪੈਟਨਡਨ ਨੇ ਆਖਿਆ ਕਿ ਉੱਥੇ ਇੰਝ ਲੱਗ ਰਿਹਾ ਸੀ ਜਿਵੇਂ ਉਸ ਵਿਅਕਤੀ ਨੇ ਇੰਨੇ ਸਾਰੇ ਲੋਕਾਂ ਨੂੰ ਬੰਧੀ ਬਣਾ ਰੱਖਿਆ ਹੋਵੇ। ਬੈਂਕ ਅਜਿਹੀ ਥਾਂ ਉੱਤੇ ਸਥਿਤ ਹੈ ਜਿੱਥੇ ਇੱਕ ਪਾਸੇ ਚਾਈਲਡ ਕੇਅਰ ਸੈਂਟਰ, ਡੈਂਟਿਸਟ ਆਫਿਸ, ਡਰੱਗ ਸਟੋਰ ਅਤੇ ਹੋਰ ਆਊਟਲੈੱਟਸ ਹਨ। ਪੁਲਿਸ ਨੇ ਦੱਸਿਆ ਕਿ ਉਸ ਸਮੇਂ ਬਹੁਤ ਸਾਰੇ ਲੋਕ ਪਲਾਜ਼ਾ 'ਚ ਮੌਜੂਦ ਸਨ। ਉਸ ਵਿਅਕਤੀ ਨਾਲ ਗੱਲਬਾਤ ਕਰਨ ਲਈ ਵੀ ਟੀਮ ਸੱਦੀ ਗਈ ਪਰ ਕੋਈ ਗੱਲ ਨਾ ਬਣ ਸਕੀ।
ਜਾਂਚਕਾਰ ਬੈਂਕ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਸ ਗੱਡੀ ਦੀ ਤਲਾਸ਼ੀ ਲੈ ਰਹੇ ਸਨ ਜਿਸ 'ਚ ਬੰਦੂਕਧਾਰੀ ਆਇਆ ਤਾਂ ਕਿ ਉਸ ਬਾਰੇ ਹੋਰ ਪਤਾ ਲਾਇਆ ਜਾ ਸਕੇ। ਪੈਟਨਡਨ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਬੈਂਕ 'ਚ ਕਿੰਨੇ ਲੋਕ ਮੌਜੂਦ ਸਨ। ਇਹ ਵੀ ਨਹੀਂ ਦੱਸਿਆ ਜਾ ਸਕਦਾ ਕਿ ਇਸ ਸਾਰੇ ਡਰਾਮੇ ਦਾ ਡਾਕੇ ਨਾਲ ਕੋਈ ਲੈਣਾ ਦੇਣਾ ਸੀ ਜਾਂ ਨਹੀਂ। ਪਰ ਬੈਂਕ 'ਚ ਕਿਸੇ ਅਣਜਾਣ ਬੰਦੇ ਦਾ ਇਸ ਤਰ੍ਹਾਂ ਬੰਦੂਕ ਲੈ ਕੇ ਮੌਜੂਦ ਹੋਣਾ ਬਹੁਤ ਖਤਰਨਾਕ ਹੈ।
ਬੈਂਕ ਦੇ ਨੇੜਲੇ ਪਲਾਜ਼ਾ ਦੀ ਵੀ ਪੁਲਸ ਨੇ ਘੇਰਾਬੰਦੀ ਕਰ ਲਈ। ਬੈਂਕ 'ਚ ਮੌਜੂਦ ਲੋਕਾਂ ਨੂੰ ਨੇੜੇ ਹੀ ਮੌਜੂਦ ਐਂਬੂਲੈਂਸ ਬੱਸ 'ਚ ਲਿਜਾਇਆ ਗਿਆ। ਇੱਕ ਬਿਆਨ 'ਚ ਆਰ. ਬੀ. ਸੀ. ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਉਨ੍ਹਾਂ ਦੇ ਕਸਟਮਰਜ਼ ਅਤੇ ਕਰਮਚਾਰੀ ਸੇਫ ਹਨ।